
ਪਟਿਆਲਾ, 22 ਮਈ (ਹਿੰ.ਸ.)। ਅੱਜ ਭਾਰਤੀ ਮਾਨਕ ਬਿਊਰੋ (ਬੀ.ਆਈ.ਐੱਸ.), ਪਰਵਾਣੂ ਸ਼ਾਖਾ ਵੱਲੋਂ ਪਰਵਾਣੂ ਸ਼ਾਖਾ ਦਫ਼ਤਰ ਦੇ ਨਿਰਦੇਸ਼ਕ ਅਤੇ ਮੁਖੀ ਐਸ.ਸੀ. ਨਾਇਕ ਦੀ ਪ੍ਰਧਾਨਗੀ ਹੇਠ ਪਟਿਆਲਾ ਵਿਖੇ ਔਰਤਾਂ ਦੀ ਅਗਵਾਈ ਵਾਲੇ ਸਵੈ-ਸਹਾਇਤਾ ਸਮੂਹਾਂ ਲਈ ਸ਼ਾਈਨ (ਸਟੈਂਡਰਡਜ ਹੈਲਪ ਇਨ ਫੋਰਮ ਐਂਡ ਨਰਚਰ ਇੰਪਾਵਰਡ ਵੂਮੈਨ) ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।
ਸਿਖਲਾਈ ਦੌਰਾਨ ਇਨ੍ਹਾਂ ਮਹਿਲਾਵਾਂ ਨੂੰ ਆਈ.ਐੱਸ.ਆਈ. ਮਾਰਕ ਅਤੇ ਹਾਲਮਾਰਕ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਆਈ.ਐੱਸ.ਆਈ. ਮਾਰਕ ਗੁਣਵੱਤਾ ਅਤੇ ਸੁਰੱਖਿਆ ਦਾ ਪ੍ਰਤੀਕ ਹੈ, ਜਦੋਂ ਕਿ ਹਾਲਮਾਰਕ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਂਦਾ ਹੈ।
ਇਸ ਤੋਂ ਇਲਾਵਾ, ਔਰਤਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਕਿਸੇ ਵੀ ਉਤਪਾਦ ਜਾਂ ਗਹਿਣੇ ਦੀ ਖਰੀਦਦਾਰੀ ਕਰਦੇ ਸਮੇਂ ਉਸਦੀ ਗੁਣਵੱਤਾ ਦੀ ਪੁਸ਼ਟੀ ਲਈ ਆਈ.ਐੱਸ.ਆਈ. ਮਾਰਕ ਅਤੇ ਹਾਲਮਾਰਕ ਜ਼ਰੂਰ ਚੈੱਕ ਕਰਨ। ਇਸ ਮੌਕੇ ਖਪਤਕਾਰਾਂ ਦੇ ਅਧਿਕਾਰਾਂ ਅਤੇ ਸੁਰੱਖਿਅਤ ਖਰੀਦਦਾਰੀ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰੋਗਰਾਮ ਬਹੁਤ ਹੀ ਸੰਵਾਦਾਤਮਕ ਰਿਹਾ, ਜਿਸ ਵਿੱਚ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ 30-35 ਔਰਤਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀਆਂ ਸ਼ੰਕਾਵਾਂ ਦਾ ਹੱਲ ਪ੍ਰਾਪਤ ਕੀਤਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ