
ਤਰਨ ਤਾਰਨ, 22 ਮਈ (ਹਿੰ.ਸ.)। ਮੁੱਖ ਖੇਤੀਬਾੜੀ ਅਫਸਰ ਡਾ. ਤੇਜਬੀਰ ਸਿੰਘ ਭੰਗੂ ਨੇ ਦੱਸਿਆ ਕਿ ਪ੍ਰਬੰਧਕੀ ਸਕੱਤਰ ਪੰਜਾਬ ਸਰਕਾਰ ਅਰਸ਼ਦੀਪ ਸਿੰਘ ਥਿੰਦ ਦੇ ਹੁਕਮਾਂ ਅਨੁਸਾਰ ਅਤੇ ਡਾਇਰੈਕਟਰ ਖੇਤੀਬਾੜੀ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਕਿਸਾਨਾਂ ਨੂੰ ਖ਼ਾਦਾਂ ਦੀ ਸਤੁੰਲਿਤ ਵਰਤੋਂ ਸਬੰਧੀ ਸੁਚੱਜੀ ਜਾਣਕਾਰੀ ਦੇਣ ਅਤੇ ਜਾਗਰੂਕ ਕਰਨ ਲਈ ਪਿੰਡ ਪੱਧਰ 'ਤੇ ਮੀਟਿੰਗਾਂ, ਕੈਂਪ ਅਤੇ ਕਿਸਾਨ ਗੋਸ਼ਟੀਆਂ ਲਗਾਈਆ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਖ਼ਾਦਾਂ ਦੀ ਸੰਤੁਲਿਤ ਵਰਤੋਂ ਦਾ ਮਤਲਬ ਹੈ ਕਿ ਖੇਤ ਵਿੱਚ ਫ਼ਸਲ ਦੀ ਲੋੜ ਅਨੁਸਾਰ ਸਹੀ ਖ਼ਾਦ, ਸਹੀ ਮਾਤਰਾ ਵਿੱਚ, ਸਹੀ ਸਮੇਂ 'ਤੇ ਅਤੇ ਸਹੀ ਤਰੀਕੇ ਨਾਲ ਪਾਉਣੀ। ਜਿਸ ਤਰ੍ਹਾਂ ਸਾਡੇ ਸਰੀਰ ਨੂੰ ਤੰਦਰੁਸਤ ਰਹਿਣ ਲਈ ਹਰ ਤਰ੍ਹਾਂ ਦੇ ਵਿਟਾਮਿਨਾਂ ਅਤੇ ਪੋਸ਼ਟਿਕ ਤੱਤਾਂ ਦੀ ਇਕ ਨਿਸ਼ਚਿਤ ਮਾਤਰਾ ਵਿੱਚ ਲੋੜ ਹੁੰਦੀ ਹੈ, ਬਿਲਕੁਲ ਉਵੇਂ ਹੀ ਫ਼ਸਲਾਂ ਨੂੰ ਵੀ ਸਾਰੇ ਮੁੱਖ ਅਤੇ ਸੂਖਮ ਤੱਤਾਂ ਦੀ ਸੰਤੁਲਿਤ ਮਾਤਰਾ ਚਾਹੀਦੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਗਿਆ ਹੈ ਕਿ ਕਿਸਾਨ ਵੀਰ ਨਾਈਟ੍ਰੋਜਨ (ਯੂਰੀਆ) ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ, ਜਿਸ ਨਾਲ ਕਿਸਾਨਾਂ ਦਾ ਵਿੱਤੀ ਅਤੇ ਜ਼ਮੀਨ ਦੋਵਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਖ਼ਾਦਾਂ ਦੀ ਸੰਤੁਲਿਤ ਵਰਤੋਂ ਦੀ ਮਹਤੱਤਾ ਦਸਦੇ ਹੋਏ ਕਿਹਾ ਕਿ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ। ਮਿੱਟੀ ਦੀ ਬਣਤਰ ਖ਼ਰਾਬ ਨਹੀਂ ਹੁੰਦੀ ਅਤੇ ਉਸ ਵਿੱਚ ਮੌਜੂਦ ਲਾਭਦਾਇਕ ਜੀਵਾਣੂ ਜਿਉਂਦੇ ਰਹਿੰਦੇ ਹਨ। ਫ਼ਸਲ ਨੂੰ ਸਾਰੇ ਤੱਤ ਬਰਾਬਰ ਮਿਲਣ ਨਾਲ ਦਾਣੇ ਮੋਟੇ, ਚਮਕਦਾਰ ਅਤੇ ਪੌਸ਼ਟਿਕ ਬਣਦੇ ਹਨ, ਜਿਸ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ। ਜਦੋਂ ਖੇਤ ਵਿੱਚ ਯੂਰੀਆ ਲੋੜ ਤੋਂ ਵੱਧ ਪਾਇਆ ਜਾਂਦਾ ਹੈ, ਤਾਂ ਪੌਦੇ ਨਰਮ ਹੋ ਜਾਂਦੇ ਹਨ, ਜਿਸ ਕਾਰਨ ਕੀੜੇ ਅਤੇ ਬਿਮਾਰੀਆਂ (ਜਿਵੇਂ ਝੁਲਸ ਰੋਗ) ਵਧੇਰੇ ਹਮਲਾ ਕਰਦੇ ਹਨ। ਸੰਤੁਲਿਤ ਖ਼ਾਦਾਂ ਪੌਦੇ ਨੂੰ ਅੰਦਰੋਂ ਮਜ਼ਬੂਤ ਬਣਾਉਂਦੀਆਂ ਹਨ, ਬਿਨਾਂ ਵਜ੍ਹਾ ਵੱਧ ਖ਼ਾਦਾਂ ਪਾਉਣ ਦਾ ਖ਼ਰਚਾ ਬਚਦਾ ਹੈ, ਜਿਸ ਨਾਲ ਕਿਸਾਨ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਲੋੜ ਤੋਂ ਵੱਧ ਪਾਈ ਗਈ ਨਾਈਟ੍ਰੋਜਨ (ਯੂਰੀਆ) ਪਾਣੀ ਵਿੱਚ ਘੁਲ ਕੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਦੀ ਹੈ ਅਤੇ ਸੰਤੁਲਿਤ ਵਰਤੋਂ ਨਾਲ ਪਾਣੀ ਅਤੇ ਹਵਾ ਪ੍ਰਦੂਸ਼ਣ ਤੋਂ ਬਚਾਅ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਸੀ.ਆਰ.ਐਮ ਸਕੀਮ ਅਧੀਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵੱਖ-ਵੱਖ ਬਲਾਕਾਂ ਦੇ ਅਗਾਹ ਵਧੂ ਕਿਸਾਨਾਂ ਨੇ ਹਿੱਸਾ ਲਿਆ। ਇਸ ਕੈਂਪ ਵਿੱਚ ਕਿਸਾਨਾਂ ਨੂੰ ਕਣਕ ਦੇ ਨਾੜ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਸਾੜਨ ਬਾਰੇ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਰੂਪ ਵਿੱਚ ਫਾਰਮ ਸਲਾਹਕਰ ਕੇਂਦਰ ਤਰਨ ਤਾਰਨ ਤੋਂ ਡਾ. ਪਰਮਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਹੋਰ ਉਨਤ ਕਿਸਮਾਂ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ ਅਤੇ ਬਲਾਕ ਖੇਤੀਬਾੜੀ ਅਫਸਰ ਚੋਹਲਾ ਸਾਹਿਬ ਡਾ. ਅਮਰਦੀਪ ਸਿੰਘ ਨੇ ਕਿਸਾਨਾਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ।
ਇਸ ਕੈਂਪ ਨੂੰ ਸੁਚੱਜੇ ਢੰਗ ਨਾਲ ਆਯੋਜਿਤ ਕਰਨ ਵਿੱਚ ਡਾ. ਵਿਕਰਮ ਸੂਦ, ਪ੍ਰੋਜੈਕਟ ਡਾਇਰੈਕਟਰ ਆਤਮਾ, ਸਰਬਜੀਤ ਸਿੰਘ, ਡੀ.ਪੀ.ਡੀ ਆਤਮਾ, ਇੰਦਰਪਾਲ ਸਿੰਘ, ਬੀ.ਟੀ.ਐਮ ਆਤਮਾ ਅਤੇ ਸੁਖਬੀਰ ਸਿੰਘ, ਜੂਨੀਅਰ ਟੈਕਨੀਸ਼ਨ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ