ਕੈਨੇਡਾ ਵਿੱਚ ਪੰਜਾਬੀ ਮੂਲ ਦੇ ਭੈਣ-ਭਰਾ ਨੇ ਪੁਲਿਸ ‘ਤੇ 558 ਕਰੋੜ ਰੁਪਏ ਦੇ ਹਰਜਾਨੇ ਦਾ ਕੇਸ ਕੀਤਾ
ਚੰਡੀਗੜ੍ਹ, 22 ਮਈ (ਹਿੰ.ਸ.)| ਕੈਨੇਡਾ ਵਿੱਚ ਪੰਜਾਬੀ ਮੂਲ ਦੇ ਭੈਣ-ਭਰਾ ਨੇ ਆਪਣੇ ਮਾਤਾ-ਪਿਤਾ ਦੇ ਕਤਲ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਖ਼ਿਲਾਫ਼ 80 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 558.4 ਕਰੋੜ ਰੁਪਏ) ਦੇ ਹਰਜਾਨੇ ਦਾ ਕੇਸ ਦਾਇਰ ਕੀਤਾ ਹੈ। ਇਹ ਮਾਮਲਾ ਬੁੱਧਵਾਰ 20 ਮਈ ਨੂੰ ਉਨ੍ਹਾਂ ਦੇ ਵਕੀਲ ਫ੍ਰੈਡਰਿਕ
ਕੈਨੇਡਾ ਵਿੱਚ ਪੰਜਾਬੀ ਮੂਲ ਦੇ ਭੈਣ-ਭਰਾ ਨੇ ਪੁਲਿਸ ‘ਤੇ 558 ਕਰੋੜ ਰੁਪਏ ਦੇ ਹਰਜਾਨੇ ਦਾ ਕੇਸ ਕੀਤਾ


ਚੰਡੀਗੜ੍ਹ, 22 ਮਈ (ਹਿੰ.ਸ.)| ਕੈਨੇਡਾ ਵਿੱਚ ਪੰਜਾਬੀ ਮੂਲ ਦੇ ਭੈਣ-ਭਰਾ ਨੇ ਆਪਣੇ ਮਾਤਾ-ਪਿਤਾ ਦੇ ਕਤਲ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਖ਼ਿਲਾਫ਼ 80 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 558.4 ਕਰੋੜ ਰੁਪਏ) ਦੇ ਹਰਜਾਨੇ ਦਾ ਕੇਸ ਦਾਇਰ ਕੀਤਾ ਹੈ। ਇਹ ਮਾਮਲਾ ਬੁੱਧਵਾਰ 20 ਮਈ ਨੂੰ ਉਨ੍ਹਾਂ ਦੇ ਵਕੀਲ ਫ੍ਰੈਡਰਿਕ ਸ਼ੂਮਾਨ ਰਾਹੀਂ ਅਦਾਲਤ ਵਿੱਚ ਦਾਇਰ ਕੀਤਾ ਗਿਆ।

ਇਹ ਮਾਮਲਾ ਸਾਲ 2023 ਵਿੱਚ ਹੋਏ ਉਸ ਦੋਹਰੇ ਕਤਲ ਨਾਲ ਜੁੜਿਆ ਹੈ, ਜਿਸ ਵਿੱਚ ਪੰਜਾਬੀ ਬਜ਼ੁਰਗ ਸਿੱਖ ਜੋੜੇ ਜਗਤਾਰ ਸਿੱਧੂ ਅਤੇ ਹਰਭਜਨ ਸਿੱਧੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਹਮਲਾਵਰ “ਬੌਬੀ” ਨਾਮ ਦੇ ਇਕ ਵਿਅਕਤੀ ਨੂੰ ਲੱਭਦੇ ਹੋਏ ਗਲਤ ਪਤੇ ‘ਤੇ ਪਹੁੰਚ ਗਏ ਸਨ ਅਤੇ ਗਲਤ ਪਛਾਣ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਜਗਤਾਰ ਸਿੱਧੂ ਅਤੇ ਹਰਭਜਨ ਸਿੱਧੂ ਆਪਣੇ ਬੱਚਿਆਂ ਜਸਪ੍ਰੀਤ ਕੌਰ ਸਿੱਧੂ (31) ਅਤੇ ਗੁਰਦਿੱਤ ਸਿੰਘ ਸਿੱਧੂ (29) ਨੂੰ ਮਿਲਣ ਲਈ ਪੰਜਾਬ ਤੋਂ ਕੈਨੇਡਾ ਗਏ ਹੋਏ ਸਨ। 20 ਨਵੰਬਰ 2023 ਨੂੰ ਉਹ ਓਂਟਾਰੀਓ ਕੈਲੇਡਨ ਸ਼ਹਿਰ ਵਿੱਚ ਰਹਿ ਰਹੇ ਸਨ, ਜਦੋਂ ਅੱਧੀ ਰਾਤ ਤੋਂ ਥੋੜ੍ਹਾ ਪਹਿਲਾਂ ਹਮਲਾਵਰਾਂ ਨੇ ਉਨ੍ਹਾਂ ਦੇ ਘਰ ‘ਤੇ ਗੋਲੀਆਂ ਚਲਾ ਦਿੱਤੀਆਂ।

ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਜਗਤਾਰ ਸਿੱਧੂ ਦੀ ਮੌਤ ਹੋ ਚੁੱਕੀ ਸੀ, ਜਦਕਿ ਹਰਭਜਨ ਸਿੱਧੂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਸ ਹਮਲੇ ਵਿੱਚ ਉਨ੍ਹਾਂ ਦੀ ਧੀ ਜਸਪ੍ਰੀਤ ਕੌਰ ਸਿੱਧੂ ਨੂੰ ਵੀ 13 ਗੋਲੀਆਂ ਲੱਗੀਆਂ, ਪਰ ਉਹ ਜ਼ਿੰਦਾ ਬਚ ਗਈ।

ਜਸਪ੍ਰੀਤ ਅਤੇ ਉਸਦੇ ਭਰਾ ਗੁਰਦਿੱਤ ਸਿੰਘ ਸਿੱਧੂ ਨੇ ਦੋਸ਼ ਲਗਾਇਆ ਹੈ ਕਿ ਘਟਨਾ ਤੋਂ ਚਾਰ ਦਿਨ ਪਹਿਲਾਂ ਪੁਲਿਸ ਦਾ ਇੱਕ ਅਧਿਕਾਰੀ ਉਨ੍ਹਾਂ ਦੇ ਘਰ ਆਇਆ ਸੀ, ਪਰ ਪਰਿਵਾਰ ਨੂੰ ਕਿਸੇ ਸੰਭਾਵਿਤ ਖ਼ਤਰੇ ਬਾਰੇ ਨਹੀਂ ਦੱਸਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਸਮੇਂ ਸਿਰ ਚੇਤਾਵਨੀ ਦਿੰਦੀ ਤਾਂ ਇਹ ਹਾਦਸਾ ਟਲ ਸਕਦਾ ਸੀ।

ਜਸਪ੍ਰੀਤ ਕੌਰ ਸਿੱਧੂ ਨੇ ਰੋਂਦਿਆਂ ਦੱਸਿਆ ਕਿ ਉਸਨੇ ਆਪਣੇ ਮਾਪਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ। ਉਸਨੇ ਕਿਹਾ ਕਿ ਪਹਿਲਾਂ ਉਸਦੇ ਪਿਤਾ ਨੂੰ ਗੋਲੀ ਮਾਰੀ ਗਈ, ਫਿਰ ਉਸਨੇ ਆਪਣੀ ਮਾਂ ਦੀਆਂ ਆਖ਼ਰੀ ਚੀਖਾਂ ਸੁਣੀਆਂ ਅਤੇ ਇਸ ਤੋਂ ਬਾਅਦ ਸਿਰਫ਼ ਗੋਲੀਆਂ ਦੀਆਂ ਆਵਾਜ਼ਾਂ ਹੀ ਗੂੰਜਦੀਆਂ ਰਹੀਆਂ।

ਮੁਕੱਦਮੇ ਵਿੱਚ ਜਸਪ੍ਰੀਤ ਨੇ ਦੱਸਿਆ ਕਿ 13 ਗੋਲੀਆਂ ਲੱਗਣ ਤੋਂ ਬਾਅਦ ਉਹ ਕਈ ਮਹੀਨੇ ਹਸਪਤਾਲ ਵਿੱਚ ਰਹੀ। ਉਸਦੇ ਸਰੀਰ ਵਿੱਚ ਅੱਜ ਵੀ ਇੱਕ ਗੋਲੀ ਰੀੜ੍ਹ ਦੀ ਹੱਡੀ ਨੇੜੇ ਫਸੀ ਹੋਈ ਹੈ, ਜਿਸਨੂੰ ਕੱਢਿਆ ਨਹੀਂ ਜਾ ਸਕਿਆ। ਉਸਨੇ ਦਾਅਵਾ ਕੀਤਾ ਕਿ ਗੰਭੀਰ ਸੱਟਾਂ ਅਤੇ ਮਾਨਸਿਕ ਸਦਮੇ ਕਾਰਨ ਉਹ ਹੁਣ ਕੰਮ ਕਰਨ ਅਤੇ ਢੰਗ ਨਾਲ ਤੁਰਨ-ਫਿਰਨ ਦੇ ਯੋਗ ਨਹੀਂ ਰਹੀ। ਉਸਦੀ ਜਾਨ ਬਚਾਉਣ ਲਈ 18 ਘੰਟਿਆਂ ਤੱਕ ਸਰਜਰੀ ਕੀਤੀ ਗਈ ਸੀ।

ਪਰਿਵਾਰ ਦੇ ਵਕੀਲ ਫ੍ਰੈਡਰਿਕ ਸ਼ੂਮਾਨ ਨੇ ਕਿਹਾ ਕਿ ਇਹ ਮਾਮਲਾ ਪੁਲਿਸ ਦੀ ਜਵਾਬਦੇਹੀ ਤੈਅ ਕਰਨ ਲਈ ਲੜਿਆ ਜਾ ਰਿਹਾ ਹੈ। ਮੁਕੱਦਮੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਨੂੰ ਇਸ ਖ਼ਤਰੇ ਬਾਰੇ ਪਹਿਲਾਂ ਤੋਂ ਜਾਣਕਾਰੀ ਹੋਣੀ ਚਾਹੀਦੀ ਸੀ, ਕਿਉਂਕਿ ਇਹ ਮਾਮਲਾ ਉੱਤਰੀ ਅਮਰੀਕੀ ਡਰੱਗ ਗੈਂਗ ਨਾਲ ਜੁੜੇ ਗੈਂਗਸਟਰ ਰਿਆਨ ਵੈਡਿੰਗ ਦੇ ਸਾਥੀਆਂ ਨਾਲ ਸੰਬੰਧਿਤ ਸੀ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਨਾ ਤਾਂ ਢੰਗ ਨਾਲ ਜਾਂਚ ਕੀਤੀ ਅਤੇ ਨਾ ਹੀ ਪਰਿਵਾਰ ਨੂੰ ਖ਼ਤਰੇ ਬਾਰੇ ਜਾਣਕਾਰੀ ਦਿੱਤੀ।

ਦੂਜੇ ਪਾਸੇ ਪੀਲ ਰੀਜਨਲ ਪੁਲਿਸ ਨੇ ਆਪਣੇ ਬਚਾਅ ਵਿੱਚ ਕਿਹਾ ਹੈ ਕਿ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਸੀ ਜਿਸ ਨਾਲ ਇਹ ਸਾਬਤ ਹੁੰਦਾ ਹੋਵੇ ਕਿ ਉਸ ਪਤੇ ‘ਤੇ ਰਹਿੰਦੇ ਲੋਕਾਂ ਦੀ ਜਾਨ ਨੂੰ ਖ਼ਤਰਾ ਸੀ। ਬਾਅਦ ਵਿੱਚ ਸਾਹਮਣੇ ਆਇਆ ਕਿ ਇਹ ਪਤਾ “ਬੌਬੀ” ਨਾਮ ਦੇ ਵਿਅਕਤੀ ਨਾਲ ਜੁੜਿਆ ਹੋਇਆ ਸੀ, ਜਿਸਦੇ ਘਰ ‘ਤੇ ਪਹਿਲਾਂ ਵੀ ਗੋਲੀਬਾਰੀ ਹੋ ਚੁੱਕੀ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਦੱਖਣੀ ਕੈਲੀਫ਼ੋਰਨੀਆ ਵਿੱਚ ਡਰੱਗਜ਼ ਦੀ ਇੱਕ ਖੇਪ ਚੋਰੀ ਹੋਣ ਦੇ ਬਦਲੇ ਵਜੋਂ “ਬੌਬੀ” ਨੂੰ ਮਾਰਨ ਦੇ ਹੁਕਮ ਦਿੱਤੇ ਗਏ ਸਨ। ਹਮਲਾਵਰ ਉਸਦੀ ਤਲਾਸ਼ ਕਰਦੇ ਹੋਏ ਸਿੱਧੂ ਪਰਿਵਾਰ ਦੇ ਘਰ ਪਹੁੰਚ ਗਏ ਅਤੇ ਗਲਤ ਪਛਾਣ ਕਾਰਨ ਗੋਲੀਆਂ ਚਲਾ ਦਿੱਤੀਆਂ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande