
ਅੰਮ੍ਰਿਤਸਰ, 22 ਮਈ (ਹਿੰ.ਸ.)| ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਵਾਸ਼ਰੂਮ ਵਿੱਚ ਇੱਕ ਮਹਿਲਾ ਦਾ ਨਸ਼ੇ ਦੀ ਹਾਲਤ ਵਿੱਚ ਬਣਿਆ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਵਿੱਚ ਨਸ਼ੇ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ। ਵਾਇਰਲ ਵੀਡੀਓ ਵਿੱਚ ਮਹਿਲਾ ਨਸ਼ੇ ’ਚ ਝੂਮਦੀ ਅਤੇ ਅਸਧਾਰਨ ਹਾਲਤ ਵਿੱਚ ਨਜ਼ਰ ਆ ਰਹੀ ਹੈ। ਲੋਕਾਂ ਵੱਲੋਂ ਪ੍ਰਸ਼ਾਸਨ ਅਤੇ ਪੁਲਿਸ ਦੇ ਨਸ਼ਾ ਖ਼ਤਮ ਕਰਨ ਦੇ ਦਾਵਿਆਂ ’ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਇਹ ਵੀਡੀਓ ਰੇਲਵੇ ਸਟੇਸ਼ਨ ਦੇ ਵਾਸ਼ਰੂਮ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਮਹਿਲਾ ਕਾਫ਼ੀ ਸਮੇਂ ਤੱਕ ਨਸ਼ੇ ਦੀ ਹਾਲਤ ਵਿੱਚ ਮੌਜੂਦ ਰਹੀ। ਮਾਮਲੇ ਸਬੰਧੀ ਜੀ.ਆਰ.ਪੀ. ਥਾਣਾ ਅੰਮ੍ਰਿਤਸਰ ਦੇ ਇੰਚਾਰਜ ਸ਼ਿਆਮ ਸੁੰਦਰ ਨੇ ਦੱਸਿਆ ਕਿ ਵਾਇਰਲ ਵੀਡੀਓ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜੀ.ਆਰ.ਪੀ. ਦੀਆਂ ਟੀਮਾਂ ਮਹਿਲਾ ਦੀ ਪਹਿਚਾਣ ਅਤੇ ਉਸ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਰੇਲਵੇ ਸਟੇਸ਼ਨ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮਹਿਲਾ ਤੱਕ ਪਹੁੰਚਿਆ ਜਾ ਸਕੇ। ਪੁਲਿਸ ਅਧਿਕਾਰੀਆਂ ਨੂੰ ਉਮੀਦ ਹੈ ਕਿ ਜਲਦ ਹੀ ਮਹਿਲਾ ਦੀ ਪਛਾਣ ਕਰ ਲਈ ਜਾਵੇਗੀ।
ਸ਼ਿਆਮ ਸੁੰਦਰ ਨੇ ਕਿਹਾ ਕਿ ਪੁਲਿਸ ਦਾ ਪਹਿਲਾ ਮਕਸਦ ਮਹਿਲਾ ਨੂੰ ਸੁਰੱਖਿਅਤ ਤਰੀਕੇ ਨਾਲ ਲੱਭਣਾ ਅਤੇ ਉਸ ਦਾ ਇਲਾਜ ਯਕੀਨੀ ਬਣਾਉਣਾ ਹੈ। ਜੇਕਰ ਜਾਂਚ ਦੌਰਾਨ ਮਹਿਲਾ ਨਸ਼ੇ ਦੀ ਆਦੀ ਪਾਈ ਜਾਂਦੀ ਹੈ ਤਾਂ ਉਸ ਨੂੰ ਪਹਿਲਾਂ ਇਲਾਜ ਮੁਹੱਈਆ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH