
ਫਾਜ਼ਿਲਕਾ, 23 ਮਈ (ਹਿੰ.ਸ.)। ਪੀ.ਏ ਯੂ ਫਾਰਮ ਸਲਾਹਕਾਰ ਸੇਵਾ ਕੇਂਦਰ, ਅਬੋਹਰ (ਸੀਡ ਫਾਰਮ) ਵੱਲੋਂ ਝੋਨੇ ਦੀ ਘੱਟ ਸਮੇਂ ਵਿਚ ਪੱਕਣ ਵਾਲੀਆਂ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਸਬੰਧੀ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਜਗਦੀਸ਼ ਅਰੋੜਾ, ਇੰਚਾਰਜ ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਦੱਸਿਆ ਕਿ ਝੋਨੇ ਨੂੰ ਪਾਣੀ ਦੀ ਲੋੜ ਵੱਧ ਹੋਣ ਕਰ ਦੇ ਇਸ ਦੀਆਂ ਅਜਿਹੀਆਂ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ, ਜੋ ਪੱਕਣ ਵਿਚ ਘੱਟ ਸਮਾਂ ਲੈਂਦੀਆਂ ਹਨ ਅਤੇ ਜਿਨ੍ਹਾਂ ਦਾ ਪਰਾਲੀ ਪ੍ਰਬੰਧਨ ਵੀ ਸੁਖਾਲਾ ਹੋਵੇ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਘੱਟ ਅਤੇ ਦਰਮਿਆਨੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ। ਜੋ ਪਨੀਰੀ ਲਗਣ ਤੋਂ 93 ਤੋਂ 110 ਦਿਨਾਂ ਵਿਚ ਤਿਆਰ ਹੋ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਝੋਨੇ ਦੀ ਦਰਮਿਆਨੇ ਸਮੇਂ ਦੀ ਨਵੀਂ ਕਿਸਮ ਪੀ ਆਰ 133 ਕਿਸਮ ਖੇਤ ਵਿਚ ਲਵਾਈ ਤੋਂ 110 ਦਿਨਾਂ ਵਿਚ ਪੱਕ ਜਾਂਦੀ ਹੈ, ਜਿਸਦਾ ਔਸਤਨ ਝਾੜ 31.0 ਕੁਇੰਟਲ ਪ੍ਰਤੀ ਏਕੜ ਹੈ। ਇਸ ਵਿਚ ਕੁੱਲ ਚੌਲਾਂ ਦੀ ਮਾਤਰਾ 68.05 ਪ੍ਰਤੀਸ਼ਤ ਹੈ, ਸਾਬਤ ਚੌਲ 62.03 ਪ੍ਰਤੀਸ਼ਤ ਹੈ। ਸਭ ਤੋਂ ਘੱਟ ਸਮੇਂ ਦੀ ਕਿਸਮ ਦੀ ਪੀ.ਆਰ 126 ਹੈ ਜੋ ਲਵਾਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਤੋਂ ਇਲਾਣਾ ਕਿਸਾਨਾਂ ਨੂੰ ਪੀ.ਆਰ. 132, ਪੀ.ਆਰ. 131, ਪੀ.ਆਰ. 114 ਕਿਸਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਰਮਿਆਨੇ ਸਮੇਂ ਦੀਆਂ ਕਿਸਮਾਂ ਦੀ ਪਨੀਰੀ 20-25 ਮਈ ਨੂੰ ਬੀਜਣੀ ਚਾਹੀਦੀ ਹੈ।
ਜਦਕਿ ਘੱਟ ਸਮੇਂ ਦੀ ਕਿਸਮ ਪੀ.ਆਰ-126 ਦੀ ਪਨੀਰੀ 25 ਮਈ ਤੋਂ 20 ਜੂਨ ਹੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਫਾਰਮ ਸਲਾਹਕਾਰ ਸੇਵਾ ਕੇਂਦਰ (ਸੀਡ ਫਾਰਮ) ਅਬੋਹਰ ਵਿਖੇ ਉਪਰੋਕਤ ਸਾਰੀਆਂ ਕਿਸਮਾਂ ਦੇ ਬੀਜ ਹਫਤੇ ਦੇ ਸਾਰੇ ਦਿਨ ਮਿਲਦੇ ਹਨ। ਫਾਰਮ ਸਲਾਹਕਾਰ ਸੇਵਾ ਕੇਂਦਰ ਦੀ ਟੀਮ ਵੱਲੋਂ ਰੋਜਾਨਾਂ ਵੱਖ-ਵੱਖ ਪਿੰਡਾਂ ਵਿਚ ਜਾ ਦੇ ਕਿਸਾਨਾਂ ਨੂੰ ਝੋਨੇ ਦੀਆਂ ਪ੍ਰਮਾਣਿਤ ਕਿਸਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ