ਤਰਨਤਾਰਨ: ਜ਼ਮੀਨੀ ਵਿਵਾਦ ਵਿੱਚ ਚਾਚੇ ਦੀ ਮੌਤ, ਭਤੀਜੇ ਤੇ ਕਤਲ ਦਾ ਦੋਸ਼
ਚੰਡੀਗੜ੍ਹ, 23 ਮਈ (ਹਿੰ.ਸ.)| ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਜੌੜਾ ਵਿੱਚ ਜ਼ਮੀਨ ਦੀ ਵੱਟ ਨੂੰ ਲੈ ਕੇ ਚੱਲ ਰਿਹਾ ਪੁਰਾਣਾ ਵਿਵਾਦ ਸ਼ਨੀਵਾਰ ਸਵੇਰੇ ਖੂਨੀ ਝਗੜੇ ਵਿੱਚ ਤਬਦੀਲ ਹੋ ਗਿਆ। ਇਸ ਮਾਮਲੇ ਵਿੱਚ ਭਤੀਜੇ ’ਤੇ ਆਪਣੇ ਹੀ ਚਾਚੇ ਦੇ ਕਤਲ ਦੇ ਦੋਸ਼ ਲੱਗੇ ਹਨ। ਘਟਨਾ ਤੋਂ ਬਾਅਦ ਥਾ
ਤਰਨਤਾਰਨ: ਜ਼ਮੀਨੀ ਵਿਵਾਦ ਵਿੱਚ ਚਾਚੇ ਦੀ ਮੌਤ, ਭਤੀਜੇ ਤੇ ਕਤਲ ਦਾ ਦੋਸ਼


ਚੰਡੀਗੜ੍ਹ, 23 ਮਈ (ਹਿੰ.ਸ.)| ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਜੌੜਾ ਵਿੱਚ ਜ਼ਮੀਨ ਦੀ ਵੱਟ ਨੂੰ ਲੈ ਕੇ ਚੱਲ ਰਿਹਾ ਪੁਰਾਣਾ ਵਿਵਾਦ ਸ਼ਨੀਵਾਰ ਸਵੇਰੇ ਖੂਨੀ ਝਗੜੇ ਵਿੱਚ ਤਬਦੀਲ ਹੋ ਗਿਆ। ਇਸ ਮਾਮਲੇ ਵਿੱਚ ਭਤੀਜੇ ’ਤੇ ਆਪਣੇ ਹੀ ਚਾਚੇ ਦੇ ਕਤਲ ਦੇ ਦੋਸ਼ ਲੱਗੇ ਹਨ। ਘਟਨਾ ਤੋਂ ਬਾਅਦ ਥਾਣਾ ਸਰਹਾਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ 50 ਸਾਲਾ ਬਲਬੀਰ ਸਿੰਘ ਵਾਸੀ ਪਿੰਡ ਜੌੜਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਬਲਬੀਰ ਸਿੰਘ ਅਤੇ ਉਸਦੇ ਚਚੇਰੇ ਭਰਾ ਦੇ ਪਰਿਵਾਰ ਵਿਚਕਾਰ ਕਾਫੀ ਸਮੇਂ ਤੋਂ ਜ਼ਮੀਨ ਦੀ ਵੱਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਦੋਵੇਂ ਪਰਿਵਾਰ ਇੱਕ-ਦੂਜੇ ਦੇ ਗੁਆਂਢ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ਵੀ ਸਾਂਝੀਆਂ ਦੱਸੀਆਂ ਜਾ ਰਹੀਆਂ ਹਨ। ਦੋਸ਼ ਹੈ ਕਿ ਇਸੇ ਪੁਰਾਣੀ ਰੰਜਿਸ਼ ਕਾਰਨ ਸ਼ਨੀਵਾਰ ਸਵੇਰੇ ਵਿਵਾਦ ਅਚਾਨਕ ਹਿੰਸਕ ਰੂਪ ਧਾਰ ਗਿਆ।

ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਦੁੱਧ ਪਾਉਣ ਲਈ ਘਰ ਤੋਂ ਬਾਹਰ ਗਿਆ ਹੋਇਆ ਸੀ। ਉਸਦੀ ਮਾਤਾ ਘਰ ਵਿੱਚ ਰੋਟੀ ਬਣਾ ਰਹੀ ਸੀ ਅਤੇ ਉਸਦੇ ਪਿਤਾ ਬਲਬੀਰ ਸਿੰਘ ਘਰ ਵਿੱਚ ਮੌਜੂਦ ਸਨ। ਇਸ ਦੌਰਾਨ ਜਿਵੇਂ ਹੀ ਬਲਬੀਰ ਸਿੰਘ ਘਰ ਤੋਂ ਬਾਹਰ ਨਿਕਲੇ ਤਾਂ ਗੁਆਂਢ ਵਿੱਚ ਖੜ੍ਹੇ ਸੁਰਜੀਤ ਸਿੰਘ ਅਤੇ ਉਸਦੀ ਪਤਨੀ ਹਰਜੀਤ ਕੌਰ ਨੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਵਿਵਾਦ ਵੱਧਣ ’ਤੇ ਸੁਰਜੀਤ ਸਿੰਘ ਨੇ ਡੰਡੇ ਨਾਲ ਬਲਬੀਰ ਸਿੰਘ ਦੇ ਸਿਰ ’ਤੇ ਹਮਲਾ ਕਰ ਦਿੱਤਾ। ਗੰਭੀਰ ਸੱਟ ਲੱਗਣ ਕਾਰਨ ਉਹ ਮੌਕੇ ’ਤੇ ਹੀ ਬੇਹੋਸ਼ ਹੋ ਕੇ ਡਿੱਗ ਪਏ।

ਪਰਿਵਾਰਕ ਮੈਂਬਰ ਤੁਰੰਤ ਉਨ੍ਹਾਂ ਨੂੰ ਇਲਾਜ ਲਈ ਤਰਨਤਾਰਨ ਦੇ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਜ਼ਮੀਨ ਦੇ ਪੁਰਾਣੇ ਵਿਵਾਦ ਕਾਰਨ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਰਹਾਲੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਸਵੇਰੇ ਹੋਏ ਝਗੜੇ ਦੌਰਾਨ ਬਲਬੀਰ ਸਿੰਘ ਦੀ ਮੌਤ ਹੋਈ ਹੈ ਅਤੇ ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande