
ਚੰਡੀਗੜ੍ਹ, 23 ਮਈ (ਹਿੰ.ਸ.)| ਲੁਧਿਆਣਾ ਕਮਿਸ਼ਨਰੇਟ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਆਪਰੇਸ਼ਨ ਦੌਰਾਨ ਇੱਕ ਵੱਡੇਗੈਂਗਸਟਰ ਮੋਡੀਊਲ ਦਾ ਪਰਦਾਫਾਸ਼ ਕਰਦਿਆਂ ਦੋ ਹੋਰ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਮਿਲਟਰੀ-ਗ੍ਰੇਡ ਦੇ ਦੋ ਜ਼ਿੰਦਾ ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ। ਪੁਲਿਸ ਦਾ ਦਾਅਵਾ ਹੈ ਕਿ ਇਸ ਕਾਰਵਾਈ ਨਾਲ ਪੰਜਾਬ ਵਿੱਚ ਇੱਕ ਵੱਡਾ ਹਮਲਾ ਟਲ ਗਿਆ ਹੈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਈਪੀਐਸ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਨੈੱਟਵਰਕ ਦਾ ਪਹਿਲਾ ਖੁਲਾਸਾ 17 ਮਈ ਨੂੰ ਹੋਇਆ ਸੀ। ਲਾਡੋਵਾਲ ਥਾਣਾ ਖੇਤਰ ਵਿੱਚ ਹਾਰਡੀਜ਼ ਵਰਲਡ ਨੇੜੇ ਪੁਲਿਸ ਨੇ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨਾਕਾਮ ਕਰਦਿਆਂ ਦੋ ਸ਼ੂਟਰਾਂ ਅਨੁਰਾਜ ਉਰਫ ਗੌਰਵ ਮਸੀਹ ਅਤੇ ਅੰਕੁਸ਼, ਦੋਵੇਂ ਵਾਸੀ ਫਿਲੌਰ, ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕੋਲੋਂ ਤਿੰਨ ਪਿਸਤੌਲ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਸ਼ੂਟਰ ਵਿਦੇਸ਼ ਵਿੱਚ ਬੈਠੇ ਆਪਣੇ ਹੈਂਡਲਰਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ। ਇਸ ਮੋਡੀਊਲ ਨੂੰ ਚਲਾਉਣ ਵਾਲਿਆਂ ਵਿੱਚ ਜਰਮਨੀ ਵਿੱਚ ਬੈਠਾ ਜੋਰਾਵਰ ਸਿੰਘ, ਦੁਬਈ ਵਿੱਚ ਸਾਹਿਲ ਸੋਢੀ ਉਰਫ ਚੁੰਜ ਅਤੇ ਜਰਮਨੀ ਵਿੱਚ ਬੈਠਾ ਲੱਖਾ ਸ਼ਾਮਲ ਹਨ।
ਸੀ.ਆਈ.ਏ. ਸਟਾਫ਼ ਅਤੇ ਕਾਊਂਟਰ ਇੰਟੈਲੀਜੈਂਸ ਦੀ ਜਾਂਚ ਦੌਰਾਨ ਪੁਲਿਸ ਮੋਡੀਊਲ ਦੀ ‘ਐਕਸਪਲੋਸਿਵ ਵਿੰਗ’ ਤੱਕ ਪਹੁੰਚ ਗਈ, ਜਿਸ ਤੋਂ ਬਾਅਦ ਮਾਝਾ ਖੇਤਰ ਤੋਂ ਦੋ ਮੁੱਖ ਗੁਰਗੇ ਗ੍ਰਿਫ਼ਤਾਰ ਕੀਤੇ ਗਏ। ਇਨ੍ਹਾਂ ਦੀ ਪਛਾਣ ਕਰਨਦੀਪ ਸਿੰਘ ਉਰਫ ਕਰਨ ਵਾਸੀ ਖੈਰੂਦੀਨ ਕੇ, ਥਾਣਾ ਝਬਾਲ, ਤਰਨਤਾਰਨ ਅਤੇ ਬਲਜੀਤ ਸਿੰਘ ਉਰਫ ਸੰਜੂ ਵਾਸੀ ਪੁਰਾਣੀ ਬਸਤੀ, ਥਾਣਾ ਰਾਮਦਾਸ, ਅੰਮ੍ਰਿਤਸਰ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਕਰਨਦੀਪ ਸਿੰਘ ਇੱਕ ਆਦਤੀ ਅਪਰਾਧੀ ਹੈ, ਜਿਸ ਖ਼ਿਲਾਫ਼ ਪਹਿਲਾਂ ਹੀ ਕਤਲ ਦੀ ਕੋਸ਼ਿਸ਼ ਅਤੇ ਐਨਡੀਪੀਐਸ ਐਕਟ ਤਹਿਤ ਕਈ ਮਾਮਲੇ ਦਰਜ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਦੋਵਾਂ ਨੂੰ ਮਲੇਸ਼ੀਆ ਵਿੱਚ ਬੈਠੇ ਹੈਂਡਲਰ ਆਕਾਸ਼ਦੀਪ ਉਰਫ ਗੋਲਡਨ ਨੇ ਇਸ ਮੋਡੀਊਲ ਨਾਲ ਜੋੜਿਆ ਸੀ।
ਹੈਂਡ ਗ੍ਰੇਨੇਡ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਪਹਿਲਾਂ ਦਰਜ ਐਫਆਈਆਰ ਨੰਬਰ 91 ਵਿੱਚ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਨਾਲ ਨਾਲ ਭਾਰਤੀ ਨਿਆਂ ਸੰਹਿਤਾ ਦੀ ਧਾਰਾ 317(2) ਵੀ ਜੋੜ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH