
ਪਟਿਆਲਾ, 23 ਮਈ (ਹਿੰ.ਸ.)। ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਆਪਣੇ ਵਾਰਡ ਨੰਬਰ 30 ਦੀ ਵਿਕਾਸ ਕਾਲੋਨੀ ਵਿਚੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਇੱਕ ਬੱਸ ਅੰਮ੍ਰਿਤਸਰ ਲਈ ਰਵਾਨਾ ਕੀਤੀ। ਇਸ ਮੌਕੇ ਉਨ੍ਹਾਂ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਹ ਵਿਲੱਖਣ ਉਪਰਾਲਾ ਕੀਤਾ ਗਿਆ ਹੈ।
ਮੇਅਰ ਗੋਗੀਆ ਨੇ ਦੱਸਿਆ ਕਿ ਇਹ ਸ਼ਰਧਾਲੂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਣਗੇ। ਇਸ ਤੋਂ ਇਲਾਵਾ ਯਾਤਰੀਆਂ ਨੂੰ ਭਗਵਾਨ ਵਾਲਮੀਕਿ ਤੀਰਥ ਸਥਲ, ਜਲ੍ਹਿਆਂਵਾਲਾ ਬਾਗ, ਪਾਰਟੀਸ਼ਨ ਮਿਊਜ਼ੀਅਮ ਅਤੇ ਵਾਹਘਾ ਬਾਰਡਰ ਸਮੇਤ ਅੰਮ੍ਰਿਤਸਰ ਦੇ ਹੋਰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ ਭਲਾਈ ਲਈ ਲਗਾਤਾਰ ਕਾਰਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਤੀਰਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਚੋਣ ਡਰਾਅ ਰਾਹੀਂ ਪੂਰੀ ਪਾਰਦਰਸ਼ਤਾ ਨਾਲ ਕੀਤੀ ਗਈ ਹੈ।
ਇਸ ਮੌਕੇ ਤੀਰਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਅਤੇ ਮੇਅਰ ਕੁੰਦਨ ਗੋਗੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯਾਤਰਾ ਉਨ੍ਹਾਂ ਲਈ ਜੀਵਨ ਭਰ ਦੀ ਯਾਦਗਾਰ ਬਣੇਗੀ।ਇਸ ਮੌਕੇ ਯਾਤਰਾ ਦੇ ਕੋਆਰਡੀਨੇਟਰ ਹਰਮਿੰਦਰਪਾਲ ਸਿੰਘ ਵਿੰਟੀ, ਯਾਤਰਾ ਪ੍ਰਬੰਧਕ ਰਮਨਪ੍ਰੀਤ ਕੌਰ ਬਾਲੀ, ਡਾ. ਸੰਜੇ ਗੋਇਲ, ਪੂਨਮ, ਧਰਮਿੰਦਰ, ਰਮਨਦੀਪ, ਜਤਿੰਦਰ, ਸ਼ੁਭਮ, ਅਮਨਦੀਪ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ