
ਚੰਡੀਗੜ੍ਹ, 24 ਮਈ (ਹਿੰ.ਸ.)| ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਬਣੇ ਰਹਿਣ ਦਾ ਨੈਤਿਕ ਅਧਿਕਾਰ ਖੋਹ ਚੁੱਕੀ ਹੈ, ਕਿਉਂਕਿ ਪੂਰੇ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਹਾਲਤ ਖਰਾਬ ਹੋ ਚੁੱਕੀ ਹੈ ਅਤੇ ਹਰ ਪਾਸੇ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਜਾਂ ਤਾਂ ਕੰਮ ਕਰਨਾ ਸ਼ੁਰੂ ਕਰੇ ਜਾਂ ਫਿਰ ਅਸਤੀਫ਼ਾ ਦੇ ਕੇ ਸੱਤਾ ਛੱਡ ਦੇਵੇ। ਜਿੰਨਾ ਜਲਦੀ ਇਹ ਫ਼ੈਸਲਾ ਹੋਵੇ, ਉਨਾ ਹੀ ਚੰਗਾ ਹੈ।
ਉਨ੍ਹਾਂ ਨੇ ਬੀਤੀ ਸ਼ਾਮ ਕਪੂਰਥਲਾ ਜੇਲ੍ਹ ਅੰਦਰ ਹੋਈ ਤੋੜ ਭੰਨ ਤੇ ਅੱਗ ਲਗਾਉਣ ਦੀ ਘਟਨਾ ਅਤੇ ਅੱਜ ਅੰਮ੍ਰਿਤਸਰ ਵਿੱਚ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਦੀ ਹੱਤਿਆ ਉੱਤੇ ਪ੍ਰਤੀਕਿਰਿਆ ਦਿੰਦਿਆਂ, ਕਿਹਾ ਕਿ ਆਪ ਸਰਕਾਰ ਨੇ ਅਸਲ ਵਿੱਚ ਆਪਣਾ ਅਧਿਕਾਰ ਛੱਡ ਦਿੱਤਾ ਹੈ ਅਤੇ ਅਪਰਾਧੀ ਤੇ ਗੈਂਗਸਟਰ ਬੇਖੌਫ਼ ਹੋ ਕੇ ਘੁੰਮ ਰਹੇ ਹਨ। ਇਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਹੈ।
ਉਨ੍ਹਾਂ ਨੇ ਕਪੂਰਥਲਾ ਜੇਲ੍ਹ ਵਿੱਚ ਹੋਈ ਤੋੜ ਭੰਨ ਅਤੇ ਅੱਗ ਲਗਾਉਣ ਦਾ ਹਵਾਲਾ ਦਿੰਦਿਆਂ, ਕਿਹਾ ਕਿ ਉੱਚ ਸੁਰੱਖਿਆ ਵਾਲੀ ਜੇਲ੍ਹ ਦੇ ਅੰਦਰ ਇਸ ਤਰ੍ਹਾਂ ਦੀ ਹਿੰਸਾ ਹੋਣਾ ਸਿਰਫ਼ ਇੱਕ ਗੱਲ ਸਾਬਤ ਕਰਦਾ ਹੈ ਕਿ ਇਸ ਸਰਕਾਰ ਦਾ ਹੁਕਮ ਜੇਲ੍ਹ ਦੀਆਂ ਚਾਰਦਿਵਾਰੀਆਂ ਅੰਦਰ ਵੀ ਨਹੀਂ ਚੱਲਦਾ, ਜਦਕਿ ਜੇਲ੍ਹ ਤੋਂ ਬਾਹਰ ਤਾਂ ਇਹ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਕੈਦੀਆਂ ਨੇ ਬੇਰੋਕ-ਟੋਕ ਹੋ ਕੇ ਭਾਰੀ ਹਿੰਸਾ ਕੀਤੀ ਅਤੇ ਅੱਗ ਲਗਾਈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਜ਼ਿੰਮੇਵਾਰ ਅਧਿਕਾਰੀ ਜਾਂ ਤਾਂ ਨਾਕਾਬਿਲ ਹਨ ਜਾਂ ਫਿਰ ਉਨ੍ਹਾਂ ਵਿੱਚ ਇਸ ਨਾਲ ਨਜਿੱਠਣ ਦੀ ਇੱਛਾ ਸ਼ਕਤੀ ਦੀ ਕਮੀ ਹੈ।
ਜਦਕਿ ਅੱਜ ਅੰਮ੍ਰਿਤਸਰ ਵਿੱਚ ਡਿਊਟੀ ’ਤੇ ਜਾਂਦੇ ਸਮੇਂ ਇੱਕ ਏਐਸਆਈ ਦੀ ਹੱਤਿਆ ਬਾਰੇ, ਵੜਿੰਗ ਨੇ ਕਿਹਾ ਕਿ ਜਦੋਂ ਪੁਲਿਸ ਕਰਮਚਾਰੀ ਖੁਦ ਹੀ ਸੁਰੱਖਿਅਤ ਨਹੀਂ ਹਨ ਅਤੇ ਅਪਰਾਧੀ ਤੇ ਗੈਂਗਸਟਰ ਆਪਣੀ ਮਰਜ਼ੀ ਨਾਲ ਉਨ੍ਹਾਂ ਦੀ ਜਾਨ ਲੈ ਸਕਦੇ ਹਨ, ਤਾਂ ਇੱਕ ਆਮ ਵਿਅਕਤੀ ਆਪਣੇ ਆਪ ਨੂੰ ਕਿੰਨਾ ਸੁਰੱਖਿਅਤ ਮਹਿਸੂਸ ਕਰੇਗਾ, ਇਸਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH