
ਬਰਨਾਲਾ, 25 ਮਈ (ਹਿੰ.ਸ.)| ਲੁਧਿਆਣਾ-ਬਰਨਾਲਾ ਮੁੱਖ ਮਾਰਗ ‘ਤੇ ਸਥਿਤ ਕਸਬਾ ਮਹਿਲ ਕਲਾਂ ਵਿੱਖੇ ਸੋਮਵਾਰ ਸਵੇਰੇ ਡਸਟਰ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੁਝ ਹੀ ਪਲਾਂ ਵਿੱਚ ਕਾਰ ਨੂੰ ਭਿਆਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਪੂਰੀ ਗੱਡੀ ਅੱਗ ਦੀਆਂ ਲਪਟਾਂ ਵਿੱਚ ਘਿਰ ਕੇ ਸੜ ਕੇ ਸੁਆਹ ਹੋ ਗਈ।
ਖੁਸ਼ਕਿਸਮਤੀ ਨਾਲ ਕਾਰ ਵਿੱਚ ਸਵਾਰ ਪਰਿਵਾਰਕ ਮੈਂਬਰ ਸਮੇਂ ਸਿਰ ਗੱਡੀ ਤੋਂ ਬਾਹਰ ਨਿਕਲ ਆਏ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਅਤੇ ਏਐਸਆਈ ਬਲਕੌਰ ਸਿੰਘ ਨੇ ਦੱਸਿਆ ਕਿ ਡਸਟਰ ਕਾਰ ਨੂੰ ਅਮਿਤ ਕੁਮਾਰ ਵਾਸੀ ਜਨਕਪੁਰੀ, ਲੁਧਿਆਣਾ ਚਲਾ ਰਿਹਾ ਸੀ। ਉਹ ਆਪਣੇ ਰਿਸ਼ਤੇਦਾਰਾਂ ਨੂੰ ਛੱਡਣ ਲਈ ਬਰਨਾਲਾ ਵੱਲ ਜਾ ਰਹੇ ਸਨ। ਜਦੋਂ ਕਾਰ ਮਾਲਵਾ ਕਾਲਜ ਮਹਿਲ ਕਲਾਂ ਦੇ ਸਾਹਮਣੇ ਪਹੁੰਚੀ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰ ਗਿਆ।
ਉਨ੍ਹਾਂ ਦੱਸਿਆ ਕਿ ਟੱਕਰ ਮਾਰਦੇ ਹੀ ਕਾਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਸਵਾਰੀਆਂ ਦੇ ਹੇਠਾਂ ਉਤਰਦੇ ਹੀ ਗੱਡੀ ਨੇ ਭਿਆਨਕ ਅੱਗ ਫੜ ਲਈ। ਅੱਗ ਦੀਆਂ ਉੱਚੀਆਂ ਲਪਟਾਂ ਅਤੇ ਕਾਲੇ ਧੂੰਏਂ ਕਾਰਨ ਹਾਈਵੇ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਰਾਹਗੀਰਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਸਥਾਨਕ ਲੋਕਾਂ ਵੱਲੋਂ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਪੁਲਿਸ ਟੀਮ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ। ਪੁਲਿਸ ਅਤੇ ਰਾਹਗੀਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਹਾਦਸੇ ਕਾਰਨ ਲੁਧਿਆਣਾ-ਬਰਨਾਲਾ ਮੁੱਖ ਮਾਰਗ ‘ਤੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ, ਜਿਸ ਨੂੰ ਪੁਲਿਸ ਨੇ ਮੁੜ ਸੁਚਾਰੂ ਕਰਵਾਇਆ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH