
ਖੰਨਾ, 24 ਮਈ (ਹਿੰ.ਸ.)। ਖੰਨਾ ਪੁਲਿਸ ਵੱਲੋਂ ਇੱਕ ਮੁਲਜ਼ਮ ਨੂੰ 01 ਕੁਇੰਟਲ 02 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕਰਨ ਲਈ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਹਿਚਾਣ ਗੁਰਚਰਨ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਜਮਾਲਪੁਰ ਲੇਲੀ, ਥਾਣਾ ਜੋਧੇਵਾਲ ਬਸਤੀ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ, ਜੋ ਕਿ ਉਕਤ ਨਸ਼ੀਲਾ ਪਦਾਰਥ ਮੱਧ ਪ੍ਰਦੇਸ਼ ਤੋਂ ਪੰਜਾਬ ਲੈ ਕੇ ਪਹੁੰਚਿਆ ਸੀ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਬ-ਡਿਵੀਜਨ ਖੰਨਾ ਦੇ ਡੀ.ਐੱਸ.ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਇੰਸਪੈਕਟਰ ਅਜੀਤੇਸ਼ ਕੌਸ਼ਲ, ਮੁੱਖ ਅਫਸਰ, ਥਾਣਾ ਸਿਟੀ-2, ਖੰਨਾ ਦੀ ਅਗਵਾਈ ਹੇਠ ਐਸ.ਆਈ ਸੁਖਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਪ੍ਰਿਸਟਾਈਨ ਮਾਲ ਜੀ.ਟੀ ਰੋਡ, ਖੰਨਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੰਡੀ ਗੋਬਿੰਦਗੜ੍ਹ ਸਾਈਡ ਤੋਂ ਇੱਕ ਕੈਂਟਰ/ਟਰੱਕ ਮਾਰਕਾ ਅਸ਼ੋਕ ਲੇਲੈਂਡ ਨੰਬਰੀ ਪੀਬੀ-05-ਏਐਸ-3920 ਆਉਂਦਾ ਦਿਖਾਈ ਦਿੱਤਾ, ਜਿਸ ਉੱਪਰ ਇੱਕ ਨੌਜਵਾਨ ਸਵਾਰ ਸੀ। ਪੁਲਿਸ ਨੇ ਕੈਂਟਰ ਨੂੰ ਸ਼ੱਕ ਦੇ ਅਧਾਰ ’ਤੇ ਰੋਕਿਆ ਅਤੇ ਚਾਲਕ ਨੇ ਆਪਣਾ ਨਾਮ ਗੁਰਚਰਨ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਜਮਾਲਪੁਰ ਲੇਲੀ, ਥਾਣਾ ਜੋਧੇਵਾਲ ਬਸਤੀ, ਜ਼ਿਲ੍ਹਾ ਲੁਧਿਆਣਾ ਦੱਸਿਆ।
ਉਨ੍ਹਾਂ ਦੱਸਿਆ ਪੁਲਿਸ ਪਾਰਟੀ ਵੱਲੋਂ ਉਨ੍ਹਾਂ ਨੂੰ ਸੂਚਿਤ ਕਰਨ ’ਤੇ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਖੁਦ ਕੈਂਟਰ ਉਕਤ ਦੀ ਤਲਾਸ਼ੀ ਲਈ ਤਾਂ ਇਸ ਦੌਰਾਨ ਉਸ ਵਿੱਚੋਂ 01 ਕੁਇੰਟਲ 02 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਇਸ ’ਤੇ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਦੇ ਹੋਏ ਕੈਂਟਰ ਨੂੰ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਉਕਤ ਨਸ਼ੀਲਾ ਪਦਾਰਥ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਅਤੇ ਇਸ ਤੋਂ ਪਹਿਲਾਂ ਵੀ ਇੱਕ-ਦੋ ਵਾਰ ਅਜਿਹਾ ਕਰ ਚੁੱਕਿਆ ਹੈ। ਡੀ.ਐੱਸ.ਪੀ. ਨੇ ਕਿਹਾ ਕਿ ਮੁਲਜ਼ਮ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ