
ਅੱਠ ਦੇ ਕਰੀਬ ਬੀਬੀਆਂ ਜਖਮੀ, ਗੰਭੀਰ ਹਾਲਤ ਵਾਲੀਆਂ ਦਾ ਇਲਾਜ ਜਾਰੀ
ਅੰਮ੍ਰਿਤਸਰ , 24 ਮਈ (ਹਿੰ.ਸ.)| ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਐਤਵਾਰ ਨੂੰ ਕਾਰ ਸੇਵਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ, ਜਦੋਂ ਸ਼ਟਰਿੰਗ ਦੀ ਇੱਕ ਭਾਰੀ ਲੋਹੇ ਦੀ ਪਲੇਟ ਅਚਾਨਕ ਹੇਠਾਂ ਡਿੱਗ ਪਈ। ਇਸ ਦਰਦਨਾਕ ਘਟਨਾ ਵਿੱਚ ਦੋ ਮਹਿਲਾਵਾਂ ਦੀ ਮੌਤ ਹੋ ਗਈ, ਜਦਕਿ ਅੱਠ ਦੇ ਕਰੀਬ ਬੀਬੀਆਂ ਜਖਮੀ ਹੋ ਗਈਆਂ। ਹਾਦਸੇ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਹੜਕੰਪ ਮਚ ਗਿਆ ਅਤੇ ਮੌਕੇ ’ਤੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਸੰਗਤਾਂ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਜਾਪ ਕਰ ਰਹੀਆਂ ਸਨ। ਇਸੇ ਦੌਰਾਨ ਉੱਪਰ ਲਗਾਈ ਗਈ ਸ਼ਟਰਿੰਗ ਦੀ ਲੋਹੇ ਦੀ ਪਲੇਟ ਅਚਾਨਕ ਡਿੱਗ ਗਈ, ਜੋ ਸਿੱਧੀ ਹੇਠਾਂ ਬੈਠੀਆਂ ਮਹਿਲਾਵਾਂ ਉੱਤੇ ਆ ਡਿੱਗੀ।
ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਜਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਅਤੇ ਹੋਰ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦੋ ਮਹਿਲਾਵਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦੋ ਤੋਂ ਤਿੰਨ ਮਹਿਲਾਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਹਾਦਸੇ ਤੋਂ ਬਾਅਦ ਰਾਹਤ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਸਨ ਅਤੇ ਸੰਗਤ ਦੀ ਮਦਦ ਨਾਲ ਜਖਮੀਆਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ।
ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਇਆ ਜਾਵੇਗਾ ਕਿ ਹਾਦਸਾ ਕਿਹੜੇ ਕਾਰਨਾਂ ਕਰਕੇ ਵਾਪਰਿਆ ਅਤੇ ਕੀ ਇਸ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ।
ਇਸ ਦੁਖਦਾਈ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਸੰਗਤਾਂ ਅਤੇ ਇਲਾਕਾ ਵਾਸੀਆਂ ਵੱਲੋਂ ਮ੍ਰਿਤਕ ਮਹਿਲਾਵਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਜਖਮੀਆਂ ਦੇ ਜਲਦੀ ਸਿਹਤਯਾਬ ਹੋਣ ਲਈ ਅਰਦਾਸ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH