
ਚੰਡੀਗੜ੍ਹ, 25 ਮਈ (ਹਿੰ.ਸ.)। ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਡਿਊਟੀ 'ਤੇ ਜਾ ਰਹੇ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ ਜੋਗਾ ਸਿੰਘ ਦੇ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਗਏ ਸ਼ਰੇਆਮ ਕਤਲ 'ਤੇ ਡੂੰਘੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਇਸ ਘਟਨਾ ਨੂੰ ਲੈ ਕੇ ਡਾ. ਕਰੀਮਪੁਰੀ ਨੇ ਮੌਜੂਦਾ ਪੰਜਾਬ ਸਰਕਾਰ ਦੀ 'ਆਊਟ ਆਫ਼ ਕੰਟਰੋਲ' ਹੋ ਚੁੱਕੀ ਕਾਨੂੰਨ ਵਿਵਸਥਾ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ।
ਡਾ. ਕਰੀਮਪੁਰੀ ਨੇ ਸੂਬਾ ਸਰਕਾਰ ਨੂੰ ਸਮੁੱਚੇ ਰੂਪ ਵਿੱਚ ਫੇਲ੍ਹ ਕਰਾਰ ਦਿੰਦਿਆਂ ਕਿਹਾ, ਜਿਸ ਸੂਬੇ ਵਿੱਚ ਅਮਨ-ਕਾਨੂੰਨ ਦੀ ਰਾਖੀ ਕਰਨ ਵਾਲੀ ਪੁਲਿਸ ਦੇ ਆਪਣੇ ਜਵਾਨ ਹੀ ਸੁਰੱਖਿਅਤ ਨਹੀਂ ਹਨ, ਉੱਥੇ ਆਮ ਜਨਤਾ ਦੀ ਸੁਰੱਖਿਆ ਦੀ ਉਮੀਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਦਿਨ-ਦਿਹੜੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਮੋਟਰਸਾਈਕਲ 'ਤੇ ਆ ਕੇ ਇੱਕ ਪੁਲਿਸ ਅਫ਼ਸਰ ਨੂੰ ਗੋਲੀਆਂ ਨਾਲ ਭੁੰਨ ਦੇਣਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਵਿੱਚ ਅਪਰਾਧੀਆਂ ਦੇ ਮਨਾਂ 'ਚੋਂ ਸਰਕਾਰ ਅਤੇ ਕਾਨੂੰਨ ਦਾ ਡਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ।
ਬਸਪਾ ਪ੍ਰਧਾਨ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਰਹੱਦੀ ਜ਼ਿਲ੍ਹਿਆਂ ਵਿੱਚ ਟਾਰਗੇਟ ਕਿਲਿੰਗ (ਲੈ ਕੇ ਮਾਰਨ) ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਪਰ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਸਿਆਸੀ ਡਰਾਮੇਬਾਜ਼ੀ ਵਿੱਚ ਮਸਤ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮਾਂ ਰਹਿੰਦੇ ਅਜਿਹੀਆਂ ਦੇਸ਼-ਵਿਰੋਧੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਸਖ਼ਤੀ ਨਾਲ ਨਾ ਨੱਥ ਪਾਈ ਗਈ, ਤਾਂ ਪੰਜਾਬ ਇੱਕ ਵਾਰ ਫਿਰ ਕਾਲੇ ਦੌਰ ਵੱਲ ਧੱਕਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਮੌਜੂਦਾ ਨਾਕਾਮ ਸਰਕਾਰ ਦੀ ਹੋਵੇਗੀ।
ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਸੂਬੇ ਦੀ ਅਮਨ-ਸ਼ਾਂਤੀ ਅਤੇ ਨੌਜਵਾਨੀ ਦੇ ਭਵਿੱਖ ਲਈ ਖੁਦ ਅੱਗੇ ਆਈਏ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਵਿੱਢੀ ਗਈ ਪੰਜਾਬ ਸੰਭਾਲੋ ਮੁਹਿੰਮ ਨਾਲ ਵੱਧ ਚੜ੍ਹ ਕੇ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਭਿਆਨਕ ਸਥਿਤੀ ਅਤੇ ਗੁੰਡਾਰਾਜ ਵਿੱਚੋਂ ਕੱਢਣ ਲਈ ਸਿਰਫ਼ ਬਸਪਾ ਦੀਆਂ ਲੋਕ-ਪੱਖੀ ਨੀਤੀਆਂ ਅਤੇ ਇੱਕ ਮਜ਼ਬੂਤ ਸਿਆਸੀ ਬਦਲਾਅ ਹੀ ਇੱਕਮਾਤਰ ਰਾਹ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ