
ਚੰਡੀਗੜ੍ਹ, 25 ਮਈ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਪੈਟਰੋਲ ਦੇ ਭਾਅ ਵਿੱਚ 2.60 ਰੁਪਏ ਅਤੇ ਡੀਜ਼ਲ ਵਿੱਚ 2.70 ਰੁਪਏ ਪ੍ਰਤੀ ਲੀਟਰ ਤੱਕ ਦਾ ਇਜ਼ਾਫ਼ਾ ਕੀਤਾ ਗਿਆ ਹੈ। ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਆਮ ਲੋਕਾਂ ਦੇ ਬਜਟ ‘ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਵਿੱਚ ਪਹਿਲੀ ਵਾਰ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਈ ਹੈ। ਇੱਥੇ ਪੈਟਰੋਲ 2.50 ਰੁਪਏ ਵੱਧ ਕੇ 101.53 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦਕਿ ਡੀਜ਼ਲ 2.53 ਰੁਪਏ ਦੇ ਵਾਧੇ ਨਾਲ 89.63 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਉੱਥੇ ਹੀ ਪੰਜਾਬ ਵਿੱਚ ਪੈਟਰੋਲ ਦੀ ਔਸਤ ਕੀਮਤ 105.44 ਰੁਪਏ ਅਤੇ ਡੀਜ਼ਲ 95.38 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਮੋਹਾਲੀ ਵਿੱਚ ਸਭ ਤੋਂ ਵੱਧ ਪੈਟਰੋਲ 105.99 ਰੁਪਏ ਪ੍ਰਤੀ ਲੀਟਰ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 15 ਮਈ, 19 ਮਈ ਅਤੇ 23 ਮਈ ਨੂੰ ਵੀ ਇੰਧਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਪਿਛਲੇ 10 ਦਿਨਾਂ ਦੌਰਾਨ ਪੰਜਾਬ ਵਿੱਚ ਪੈਟਰੋਲ 7.25 ਰੁਪਏ ਅਤੇ ਡੀਜ਼ਲ 7.55 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ।
ਪਠਾਨਕੋਟ ਵਿੱਚ ਪੈਟਰੋਲ 103.31 ਤੋਂ ਵੱਧ ਕੇ 105.87 ਰੁਪਏ ਅਤੇ ਡੀਜ਼ਲ 93.15 ਤੋਂ ਵੱਧ ਕੇ 95.79 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਜਲੰਧਰ ਵਿੱਚ ਪੈਟਰੋਲ 104.87 ਅਤੇ ਡੀਜ਼ਲ 94.84 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਲੁਧਿਆਣਾ ਵਿੱਚ ਪੈਟਰੋਲ 105.42, ਡੀਜ਼ਲ 95.34 ਅਤੇ ਪਾਵਰ ਪੈਟਰੋਲ 114.80 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।
ਇੰਧਨ ਦੀਆਂ ਵੱਧ ਰਹੀਆਂ ਕੀਮਤਾਂ ਦਾ ਸਿੱਧਾ ਅਸਰ ਟਰਾਂਸਪੋਰਟ ਸੈਕਟਰ ‘ਤੇ ਪੈਣ ਲੱਗਾ ਹੈ। ਟੈਕਸੀ, ਆਟੋ ਅਤੇ ਮਾਲ ਢੁਆਈ ਦੇ ਕਿਰਾਏ ਵੱਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਡੀਜ਼ਲ ਮਹਿੰਗਾ ਹੋਣ ਕਾਰਨ ਮਾਲ ਢੁਆਈ ਦੀ ਲਾਗਤ ਵਧ ਰਹੀ ਹੈ, ਜਿਸ ਕਾਰਨ ਸਬਜ਼ੀਆਂ, ਫਲ, ਰਾਸ਼ਨ ਅਤੇ ਹੋਰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਭਾਅ ਵੀ ਵੱਧ ਸਕਦੇ ਹਨ।
ਮਾਹਿਰਾਂ ਮੁਤਾਬਕ ਜੇਕਰ ਲੋਕਲ ਟਰਾਂਸਪੋਰਟ ਦੇ ਖਰਚੇ ਵੀ ਵਧਦੇ ਹਨ ਤਾਂ ਆਮ ਪਰਿਵਾਰਾਂ ਦੇ ਰਸੋਈ ਬਜਟ ਵਿੱਚ 10 ਤੋਂ 15 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਹਾਲ ਹੀ ਵਿੱਚ ਦੁੱਧ ਦੀ ਕੀਮਤ ਵਿੱਚ ਵੀ 2 ਰੁਪਏ ਦਾ ਵਾਧਾ ਹੋਇਆ ਹੈ।
ਇਸ ਵਾਧੇ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਇਆ ਉਛਾਲ ਦੱਸਿਆ ਜਾ ਰਿਹਾ ਹੈ। ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵਧਣ ਤੋਂ ਪਹਿਲਾਂ ਕੱਚੇ ਤੇਲ ਦੀ ਕੀਮਤ ਕਰੀਬ 70 ਡਾਲਰ ਪ੍ਰਤੀ ਬੈਰਲ ਸੀ, ਜੋ ਹੁਣ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਚੁੱਕੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH