
ਸ਼ਹੀਦ ਭਗਤ ਸਿੰਘ ਨਗਰ, 25 ਮਈ (ਹਿੰ.ਸ.)। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲਾਂ ਬੰਗਾਂ, ਨਵਾਂ ਸ਼ਹਿਰ ਤੇ ਰਾਹੋਂ ਲਈ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਨਿਰਪੱਖ , ਸੁਤੰਤਰਤਾ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ।
ਡੀ.ਸੀ. ਔਲਖ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਨਗਰ ਕੌਂਸਲ ਚੋਣਾਂ ਲਈ ਕੁੱਲ 64232 ਵੋਟਰ ਹਨ ਜਿਨ੍ਹਾਂ ਵਿੱਚ 32341 ਪੁਰਸ਼ ਅਤੇ 31881 ਮਹਿਲਾ ਅਤੇ 10 ਅਦਰ ਵੋਟਰ ਸ਼ਾਮਿਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਕੌਂਸਲ ਬੰਗਾਂ ਵਿੱਚ ਕੁੱਲ 15832 ਵੋਟਰ ਹਨ ਜਿਨ੍ਹਾਂ ਵਿੱਚ 7909 ਪੁਰਸ਼ ਅਤੇ 7922 ਮਹਿਲਾ ਤੇ 3 ਅਦਰ ਵੋਟਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨਗਰ ਕੌਂਸਲ ਨਵਾਂ ਸ਼ਹਿਰ ਵਿੱਚ ਕੁੱਲ 36985 ਵੋਟਰ ਜਿਨ੍ਹਾਂ ਵਿੱਚ 18593 ਪੁਰਸ਼ ਤੇ 18388 ਮਹਿਲਾ ਅਤੇ 4 ਅਦਰ ਵੋਟਰ ਅਤੇ ਇਸੇ ਤਰ੍ਹਾਂ ਨਗਰ ਕੌਂਸਲ ਰਾਹੋਂ ਵਿੱਚ ਕੁੱਲ 11415 ਵੋਟਰ ਹਨ ਜਿਨ੍ਹਾਂ ਵਿੱਚ 5841 ਪੁਰਸ਼ ਅਤੇ 5571 ਮਹਿਲਾ ਤੇ 3 ਅਦਰ ਵੋਟਰ ਸ਼ਾਮਿਲ ਹਨ ਵਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਨਗਰ ਕੌਂਸਲ ਦੀਆਂ 45 ਵਾਰਡਾਂ ਦੀਆਂ ਚੋਣਾਂ ਲਈ 148 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬੰਗਾਂ ਦੀਆਂ 15 ਵਾਰਡਾਂ ਲਈ 52 ਉਮੀਦਵਾਰ, ਨਗਰ ਕੌਂਸਲ ਨਵਾਂ ਸ਼ਹਿਰ ਦੀਆਂ 19 ਵਾਰਡਾਂ ਲਈ 70 ਅਤੇ ਨਗਰ ਕੌਂਸਲ ਰਾਹੋਂ ਦੀਆਂ 11 ਵਾਰਡਾਂ ਲਈ 26 ਉਮੀਦਵਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਚੋਣ ਲੜ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਵੋਟ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 533 ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਵਿੱਚ 355 ਪੋਲਿੰਗ ਸਟਾਫ਼ ਅਤੇ 178 ਰਿਜਰਵ ਸਟਾਫ਼ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ 26 ਮਈ 2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 29 ਮਈ 2026 ਨੂੰ ਹੋਵੇਗੀ। ਉਨ੍ਹਾਂ ਨਗਰ ਕੌਂਸਲਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੋਟ ਪ੍ਰਕਿਰਿਆ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ