
ਚੰਡੀਗੜ੍ਹ, 26 ਮਈ (ਹਿੰ.ਸ.)| ਫਿਲਮ ‘ਧੁਰੰਧਰ’ ਦੇ ਪ੍ਰੋਡਕਸ਼ਨ ਡਿਜ਼ਾਈਨਰ ਸੈਣੀ ਐਸ. ਜੌਹਰ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ-17 ਥਾਣੇ ਵਿੱਚ ਇੱਕ ਨੌਜਵਾਨ ਕੁੜੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮ ਨੇ ਉਸਨੂੰ ਇੱਕ ਫਾਈਵ ਸਟਾਰ ਹੋਟਲ ਵਿੱਚ ਬੁਲਾ ਕੇ ਨਸ਼ੀਲਾ ਪਦਾਰਥ ਮਿਲੀ ਡ੍ਰਿੰਕ ਪਿਲਾਈ, ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਮਾਰ ਕੁੱਟ ਵੀ ਕੀਤੀ। ਪੁਲਿਸ ਮੁਤਾਬਕ, ਇਹ ਐਫਆਈਆਰ 21 ਅਪ੍ਰੈਲ 2026 ਨੂੰ ਦਰਜ ਕੀਤੀ ਗਈ ਸੀ।
ਮਾਮਲਾ ਹਾਈਪ੍ਰੋਫਾਈਲ ਹੋਣ ਕਰਕੇ ਪੁਲਿਸ ਵੱਲੋਂ ਮਾਮਲੇ ਦਾ ਪਹਿਲਾਂ ਖੁਲਾਸਾ ਨਹੀਂ ਕੀਤਾ ਗਿਆ ਹੈ ਹਾਲਾਂਕਿ ਇਸ ਮਾਮਲੇ ਦਾ ਖੁਲਾਸਾ ਸੋਮਵਾਰ ਦੇਰ ਰਾਤ ਹੋਇਆ। ਐਫਆਈਆਰ ਤੋਂ ਬਾਅਦ ਸੈਕਟਰ-17 ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ, ਪਰ ਬਾਅਦ ਵਿੱਚ ਉਸਨੂੰ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ। ਪੁਲਿਸ ਰਿਕਾਰਡ ਅਨੁਸਾਰ, ਪੀੜਤਾ ਇਸ ਵੇਲੇ ਚੰਡੀਗੜ੍ਹ ਵਿੱਚ ਰਹਿ ਰਹੀ ਹੈ। ਉਸਦਾ ਸਥਾਈ ਪਤਾ ਨਵੀਂ ਦਿੱਲੀ ਦੱਸਿਆ ਗਿਆ ਹੈ। ਦੂਜੇ ਪਾਸੇ, ਮੁਲਜ਼ਮ ਦਾ ਪਤਾ ਮੁੰਬਈ ਦੇ ਅੰਧੇਰੀ ਵੈਸਟ ਸਥਿਤ ਓਬੇਰਾਇ ਸਪ੍ਰਿੰਗ ਬਿਲਡਿੰਗ ਦਰਜ ਹੈ।
ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਸਾਲ 2025 ਦੌਰਾਨ ਉਹ ਚੰਡੀਗੜ੍ਹ ਦੇ ਸੈਕਟਰ-10 ਸਥਿਤ ਗਵਰਨਮੈਂਟ ਕਾਲਜ ਆਫ ਆਰਟ ਵਿੱਚ ਪੜ੍ਹਾਈ ਕਰ ਰਹੀ ਸੀ। ਇਸ ਦੌਰਾਨ ਇੱਕ ਅਧਿਆਪਕ ਰਾਹੀਂ ਉਸਦਾ ਬਾਇਓਡਾਟਾ ਫਿਲਮ ‘ਧੁਰੰਧਰ’ ਦੀ ਟੀਮ ਤੱਕ ਪਹੁੰਚਿਆ ਅਤੇ 2 ਸਤੰਬਰ 2025 ਨੂੰ ਉਸਨੂੰ ਅਸਿਸਟੈਂਟ ਆਰਟ ਡਾਇਰੈਕਟਰ ਵਜੋਂ ਪ੍ਰੋਜੈਕਟ ਨਾਲ ਜੋੜਿਆ ਗਿਆ। ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮ ਨੇ ਆਪਣੇ ਆਪ ਨੂੰ ਉਸਦਾ ਮੈਨਟਰ ਦੱਸਿਆ ਸੀ। ਸ਼ਿਕਾਇਤ ਅਨੁਸਾਰ, ਕੰਮ ਸ਼ੁਰੂ ਹੋਣ ਤੋਂ ਕੁਝ ਦਿਨ ਬਾਅਦ ਮੁਲਜ਼ਮ ਨੇ ਕੰਮ ਦੀ ਗੱਲਬਾਤ ਦੇ ਨਾਂ ‘ਤੇ ਉਸਨੂੰ ਸੈਕਟਰ-17 ਦੇ ਇੱਕ ਹੋਟਲ ਦੇ ਕਮਰੇ ਵਿੱਚ ਬੁਲਾਇਆ। 10 ਸਤੰਬਰ 2025 ਦੀ ਰਾਤ ਕਰੀਬ 8:30 ਵਜੇ ਜਦੋਂ ਉਹ ਹੋਟਲ ਪਹੁੰਚੀ ਤਾਂ ਉੱਥੇ ਹੋਰ ਕੋਈ ਟੀਮ ਮੈਂਬਰ ਮੌਜੂਦ ਨਹੀਂ ਸੀ। ਪੀੜਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਉਸ ‘ਤੇ ਸ਼ਰਾਬ ਪੀਣ ਲਈ ਦਬਾਅ ਬਣਾਇਆ ਅਤੇ ਡ੍ਰਿੰਕ ਪੀਣ ਤੋਂ ਕੁਝ ਮਿੰਟਾਂ ਬਾਅਦ ਹੀ ਉਸਦੀ ਤਬੀਅਤ ਖਰਾਬ ਹੋਣ ਲੱਗੀ। ਉਸਨੇ ਦੱਸਿਆ ਕਿ ਉਸਨੂੰ ਚੱਕਰ ਆਉਣ ਲੱਗੇ ਅਤੇ ਕਈ ਵਾਰ ਉਲਟੀਆਂ ਹੋਈਆਂ। ਇਸ ਦੌਰਾਨ ਮੁਲਜ਼ਮ ਨੇ ਡਾਂਸ ਸਿਖਾਉਣ ਦੇ ਬਹਾਨੇ ਉਸਨੂੰ ਗਲਤ ਤਰੀਕੇ ਨਾਲ ਛੂਹਿਆ ਅਤੇ ਬਾਅਦ ਵਿੱਚ ਉਸ ਨਾਲ ਜਬਰ-ਜ਼ਨਾਹ ਕੀਤਾ। ਵਿਰੋਧ ਕਰਨ ‘ਤੇ ਉਸ ਨਾਲ ਮਾਰਕੁੱਟ ਵੀ ਕੀਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH