ਕੈਨੇਡਾ ‘ਚ ਜੰਗਲ ਵਿਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲਣ ਮਗਰੋਂ ਪੰਜਾਬੀ ਜੋੜਾ ਗ੍ਰਿਫ਼ਤਾਰ
ਚੰਡੀਗੜ੍ਹ, 26 ਮਈ (ਹਿੰ.ਸ.)| ਕੈਨੇਡਾ ਦੇ ਹੈਲਿਫੈਕਸ ਇਲਾਕੇ ਵਿੱਚ ਨਵਜੰਮੇ ਬੱਚੇ ਦੀ ਲਾਸ਼ ਜੰਗਲ ਵਿਚੋਂ ਮਿਲਣ ਤੋਂ ਬਾਅਦ ਪੁਲਿਸ ਨੇ ਪੰਜਾਬੀ ਮੂਲ ਦੇ ਇੱਕ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਇੱਕ ਔਰਤ ਬੱਚੇ ਨੂੰ ਜਨਮ ਦੇਣ ਮਗਰੋਂ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚ
ਕੈਨੇਡਾ ‘ਚ ਜੰਗਲ ਵਿਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲਣ ਮਗਰੋਂ ਪੰਜਾਬੀ ਜੋੜਾ ਗ੍ਰਿਫ਼ਤਾਰ


ਚੰਡੀਗੜ੍ਹ, 26 ਮਈ (ਹਿੰ.ਸ.)| ਕੈਨੇਡਾ ਦੇ ਹੈਲਿਫੈਕਸ ਇਲਾਕੇ ਵਿੱਚ ਨਵਜੰਮੇ ਬੱਚੇ ਦੀ ਲਾਸ਼ ਜੰਗਲ ਵਿਚੋਂ ਮਿਲਣ ਤੋਂ ਬਾਅਦ ਪੁਲਿਸ ਨੇ ਪੰਜਾਬੀ ਮੂਲ ਦੇ ਇੱਕ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਇੱਕ ਔਰਤ ਬੱਚੇ ਨੂੰ ਜਨਮ ਦੇਣ ਮਗਰੋਂ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚੀ ਅਤੇ ਡਾਕਟਰਾਂ ਨੂੰ ਪਤਾ ਲੱਗਿਆ ਕਿ ਬੱਚਾ ਉਸਦੇ ਨਾਲ ਨਹੀਂ ਹੈ।

ਪੁਲਿਸ ਅਨੁਸਾਰ ਸ਼ੁੱਕਰਵਾਰ ਰਾਤ ਕਰੀਬ 9:40 ਵਜੇ 26 ਸਾਲਾ ਰਮਨਦੀਪ ਕੌਰ ਨੂੰ ਗੰਭੀਰ ਹਾਲਤ ਵਿੱਚ ਹੈਲਿਫੈਕਸ ਇਲਾਕੇ ਦੇ ਇੱਕ ਹਸਪਤਾਲ ਵਿੱਚ ਲਿਆਂਦਾ ਗਿਆ। ਜਾਂਚ ਦੌਰਾਨ ਡਾਕਟਰਾਂ ਨੂੰ ਪਤਾ ਲੱਗਿਆ ਕਿ ਉਸਨੇ ਹਾਲ ਹੀ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ, ਪਰ ਬੱਚਾ ਉਸਦੇ ਨਾਲ ਨਹੀਂ ਸੀ। ਔਰਤ ਦੀ ਹਾਲਤ ਬਹੁਤ ਨਾਜ਼ੁਕ ਸੀ ਅਤੇ ਉਹ ਬੱਚੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੀ ਸੀ।

ਇਸ ਤੋਂ ਬਾਅਦ ਡਾਕਟਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਤੇ ਵਲੰਟੀਅਰ ਟੀਮਾਂ ਨੇ ਘਰ ਦੇ ਆਲੇ-ਦੁਆਲੇ ਅਤੇ ਜੰਗਲੀ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਐਤਵਾਰ ਦੁਪਹਿਰ ਕਰੀਬ 3:20 ਵਜੇ ਹੈਲਿਫੈਕਸ ਤੋਂ ਬਾਹਰ ਓਲਡ ਕੋਚ ਰੋਡ ਦੇ ਜੰਗਲੀ ਇਲਾਕੇ ਵਿੱਚ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਹੋਈ।

ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਹਸਪਤਾਲ ਪਹੁੰਚ ਕੇ ਬੱਚੇ ਦੀ ਮਾਂ ਰਮਨਦੀਪ ਕੌਰ ਅਤੇ ਉਸਦੇ ਪਤੀ ਸੁੱਖਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਦੋਵੇਂ ਹੈਲਿਫੈਕਸ ਦੇ ਵੈਸਟ ਐਂਡ ਦੇ ਵਿਲੇਟ ਸਟ੍ਰੀਟ ਇਲਾਕੇ ਵਿੱਚ ਰਹਿੰਦੇ ਸਨ।

ਪੁਲਿਸ ਨੇ ਦੋਵਾਂ ਖ਼ਿਲਾਫ਼ ਬੱਚੇ ਦੀ ਲਾਸ਼ ਨੂੰ ਛੁਪਾਉਣ, ਪੁਲਿਸ ਜਾਂਚ ਵਿੱਚ ਰੁਕਾਵਟ ਪੈਦਾ ਕਰਨ ਅਤੇ ਮ੍ਰਿਤਕ ਦੇਹ ਦੀ ਬੇਅਦਬੀ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। ਜਾਂਚ ਦੌਰਾਨ ਪੁੱਛਗਿੱਛ ਲਈ ਹਿਰਾਸਤ ਵਿੱਚ ਲਏ ਗਏ ਹੋਰ ਦੋ ਵਿਅਕਤੀਆਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ।

ਪੁਲਿਸ ਅਨੁਸਾਰ ਰਮਨਦੀਪ ਕੌਰ ਦੀ ਹਾਲਤ ਅਜੇ ਵੀ ਗੰਭੀਰ ਹੈ ਅਤੇ ਉਹ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਲੜ ਰਹੀ ਹੈ। ਪੁਲਿਸ ਨੇ ਸਪਸ਼ਟ ਕੀਤਾ ਕਿ ਉਸਦੀ ਹਾਲਤ ਕਿਸੇ ਹਿੰਸਾ ਕਾਰਨ ਨਹੀਂ, ਸਗੋਂ ਜਨਮ ਸਮੇਂ ਆਈ ਮੈਡੀਕਲ ਐਮਰਜੈਂਸੀ ਕਾਰਨ ਵਿਗੜੀ।

ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਬੱਚਾ ਜਨਮ ਸਮੇਂ ਜ਼ਿੰਦਾ ਸੀ ਜਾਂ ਮ੍ਰਿਤਕ। ਪੁਲਿਸ ਨੇ ਦੱਸਿਆ ਕਿ ਨੋਵਾ ਸਕੋਸ਼ੀਆ ਮੈਡੀਕਲ ਜਾਂਚ ਸਰਵਿਸ ਵੱਲੋਂ ਪੋਸਟਮਾਰਟਮ ਕੀਤਾ ਜਾ ਰਿਹਾ ਹੈ, ਜਿਸ ਦੀ ਰਿਪੋਰਟ ਤੋਂ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande