
ਚੰਡੀਗੜ੍ਹ, 27 ਮਈ (ਹਿੰ.ਸ.)| ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਜੀ ਗੈਰਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 8 ਅਤਿਆਧੁਨਿਕ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਕਾਰਵਾਈ ਨਾਲ ਪੰਜਾਬ ਵਿੱਚ ਸਰਗਰਮ ਗੈਰਕਾਨੂੰਨੀ ਹਥਿਆਰ ਅਤੇ ਨਸ਼ਾ ਤਸਕਰੀ ਨੈੱਟਵਰਕ ਨੂੰ ਵੱਡਾ ਝਟਕਾ ਲੱਗਿਆ ਹੈ। ਪੰਜਾਬ ਦੇ ਡੀਜੀਪੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਇੱਕ ਵਿਦੇਸ਼ੀ ਤਸਕਰ ਦੇ ਸੰਪਰਕ ਵਿੱਚ ਸਨ। ਦੋਸ਼ੀ ਵਰਚੁਅਲ ਨੰਬਰਾਂ ਰਾਹੀਂ ਵਿਦੇਸ਼ੀ ਤਸਕਰਾਂ ਨਾਲ ਸੰਪਰਕ ਬਣਾਈ ਰੱਖਦੇ ਸਨ ਅਤੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਮੰਗਵਾਈ ਜਾਂਦੀ ਸੀ। ਇਸ ਤੋਂ ਬਾਅਦ ਇਹ ਹਥਿਆਰ ਅਤੇ ਨਸ਼ਾ ਪੰਜਾਬ ਦੇ ਵੱਖ-ਵੱਖ ਅਪਰਾਧਿਕ ਅਨਸਰਾਂ ਤੱਕ ਪਹੁੰਚਾਇਆ ਜਾਂਦਾ ਸੀ।
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਮਾਡਿਊਲ ਲੰਬੇ ਸਮੇਂ ਤੋਂ ਸਰਗਰਮ ਸੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਗੈਰਕਾਨੂੰਨੀ ਹਥਿਆਰ ਸਪਲਾਈ ਕਰ ਰਿਹਾ ਸੀ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਚ ਐਫਆਈਆਰ ਦਰਜ ਕਰ ਲਈ ਹੈ।
ਫਿਲਹਾਲ ਪੁਲਿਸ ਪੂਰੇ ਨੈੱਟਵਰਕ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਸ ਗਿਰੋਹ ਨਾਲ ਜੁੜੇ ਹੋਰ ਮੈਂਬਰਾਂ ਅਤੇ ਉਨ੍ਹਾਂ ਦੇ ਫਾਰਵਰਡ-ਬੈਕਵਰਡ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ। ਪੰਜਾਬ ਪੁਲਿਸ ਨੇ ਕਿਹਾ ਹੈ ਕਿ ਸੂਬੇ ਵਿੱਚ ਨਸ਼ਿਆਂ, ਗੈਰਕਾਨੂੰਨੀ ਹਥਿਆਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ “ਜ਼ੀਰੋ ਟਾਲਰੈਂਸ” ਨੀਤੀ ਤਹਿਤ ਲਗਾਤਾਰ ਕਾਰਵਾਈ ਜਾਰੀ ਰਹੇਗੀ।
ਪੁਲਿਸ ਅਧਿਕਾਰੀਆਂ ਮੁਤਾਬਕ ਸਰਹੱਦ ਪਾਰ ਤੋਂ ਡਰੋਨ ਰਾਹੀਂ ਹੋ ਰਹੀ ਤਸਕਰੀ ਨੂੰ ਰੋਕਣ ਲਈ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ ਅਤੇ ਅਜਿਹੇ ਨੈੱਟਵਰਕ ਨੂੰ ਜੜ੍ਹੋਂ ਖਤਮ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH