ਡੇਰਾਬੱਸੀ ਦੇ ਵਿਧਾਇਕ ਖ਼ਿਲਾਫ਼ ਕਿਸਾਨਾਂ ਦਾ ਰੋਸ ਤੇਜ਼, 28 ਮਈ ਨੂੰ ਜੀਰਕਪੁਰ ਵਿੱਚ ਪ੍ਰਦਰਸ਼ਨ ਦਾ ਐਲਾਨ
ਮੋਹਾਲੀ, 27 ਮਈ (ਹਿੰ.ਸ.)| ਮੋਹਾਲੀ ਜ਼ਿਲ੍ਹੇ ਦੇ ਹਲਕਾ ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਕਿਸਾਨ ਆਗੂਆਂ ਖ਼ਿਲਾਫ਼ ਕੀਤੀ ਗਈ ਕਥਿਤ ਟਿੱਪਣੀ ਨੂੰ ਲੈ ਕੇ ਕਿਸਾਨਾਂ ਦਾ ਰੋਸ ਵਧਦਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ 28 ਮਈ ਨੂੰ ਜੀਰਕਪੁਰ ਵਿੱਚ ਵ
ਡੇਰਾਬੱਸੀ ਦੇ ਵਿਧਾਇਕ ਖ਼ਿਲਾਫ਼ ਕਿਸਾਨਾਂ ਦਾ ਰੋਸ ਤੇਜ਼, 28 ਮਈ ਨੂੰ ਜੀਰਕਪੁਰ ਵਿੱਚ ਪ੍ਰਦਰਸ਼ਨ ਦਾ ਐਲਾਨ


ਮੋਹਾਲੀ, 27 ਮਈ (ਹਿੰ.ਸ.)| ਮੋਹਾਲੀ ਜ਼ਿਲ੍ਹੇ ਦੇ ਹਲਕਾ ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਕਿਸਾਨ ਆਗੂਆਂ ਖ਼ਿਲਾਫ਼ ਕੀਤੀ ਗਈ ਕਥਿਤ ਟਿੱਪਣੀ ਨੂੰ ਲੈ ਕੇ ਕਿਸਾਨਾਂ ਦਾ ਰੋਸ ਵਧਦਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ 28 ਮਈ ਨੂੰ ਜੀਰਕਪੁਰ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਅਤੇ ਪੁਤਲਾ ਫੂਕ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਵੀ ਸਾੜਿਆ ਜਾਵੇਗਾ।

ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਵਿਧਾਇਕ ਰੰਧਾਵਾ ਨੇ ਕਿਸਾਨ ਨੇਤਾਵਾਂ ਬਾਰੇ ਅਪਮਾਨਜਨਕ ਭਾਸ਼ਾ ਵਰਤੀ ਹੈ, ਜਿਸਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸੇ ਰੋਸ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ 25 ਮਈ ਨੂੰ ਦੱਪਰ ਟੋਲ ਪਲਾਜ਼ਾ ’ਤੇ ਵਿਧਾਇਕ ਦਾ ਪੁਤਲਾ ਫੂਕ ਕੇ ਵਿਰੋਧ ਦਰਜ ਕਰਵਾਇਆ ਗਿਆ ਸੀ। ਉਸ ਵੇਲੇ 28 ਮਈ ਨੂੰ ਡੇਰਾਬੱਸੀ ਵਿੱਚ ਦੁਬਾਰਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਹੁਣ ਪ੍ਰੋਗਰਾਮ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਕਿਸਾਨ ਯੂਨੀਅਨ ਦਫ਼ਤਰ ਵਿੱਚ ਹੋਈ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਕਿ 28 ਮਈ ਨੂੰ ਸਵੇਰੇ 10 ਵਜੇ ਨਗਰ ਕੌਂਸਲ ਚੌਂਕ, ਕੋਹਿਨੂਰ ਢਾਬਾ ਨੇੜੇ, ਜੀਰਕਪੁਰ ਵਿੱਚ ਕਿਸਾਨ ਇਕੱਠੇ ਹੋਣਗੇ। ਉੱਥੋਂ ਪਟਿਆਲਾ ਚੌਂਕ ਤੱਕ ਰੋਸ ਮਾਰਚ ਕੱਢਿਆ ਜਾਵੇਗਾ, ਜਿਸ ਤੋਂ ਬਾਅਦ ਵਿਧਾਇਕ ਦਾ ਪੁਤਲਾ ਸਾੜ ਕੇ ਵਿਰੋਧ ਦਰਜ ਕਰਵਾਇਆ ਜਾਵੇਗਾ।

ਕਿਸਾਨ ਜਥੇਬੰਦੀਆਂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ’ਤੇ ਵੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਗਲਤ ਭਾਸ਼ਾ ਵਰਤਣ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਦੀ ਨਿੰਦਾ ਕਰਦਿਆਂ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 28 ਮਈ ਦੇ ਪ੍ਰਦਰਸ਼ਨ ਦੌਰਾਨ ਉਨ੍ਹਾਂ ਦਾ ਪੁਤਲਾ ਵੀ ਫੂਕਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ, ਤਹਿਸੀਲ ਡੇਰਾਬੱਸੀ ਨੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਲੋਕਤੰਤਰ ਵਿੱਚ ਕਿਸੇ ਵੀ ਵਰਗ ਖ਼ਿਲਾਫ਼ ਅਪਮਾਨਜਨਕ ਭਾਸ਼ਾ ਕਬੂਲ ਨਹੀਂ ਕੀਤੀ ਜਾ ਸਕਦੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande