
ਮੋਹਾਲੀ, 27 ਮਈ (ਹਿੰ.ਸ.)| ਮੋਹਾਲੀ ਦੇ ਡੇਰਾਬੱਸੀ ਵਿੱਚ ਨਗਰ ਕੌਂਸਲ ਚੋਣਾਂ ਤੋਂ ਇੱਕ ਦਿਨ ਪਹਿਲਾਂ ਵੋਟਰਾਂ ਨੂੰ ਕਥਿਤ ਤੌਰ ’ਤੇ ਕੋਲਡ ਡ੍ਰਿੰਕ, ਸ਼ਰਾਬ ਅਤੇ ਹੋਰ ਸਮਾਨ ਵੰਡਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਇੱਕ ਸਾਬਕਾ ਸਰਪੰਚ ਆਪਣੇ ਸਮਰਥਕਾਂ ਨਾਲ ਰੇਹੜੀ ’ਤੇ ਸਮਾਨ ਲੈ ਕੇ ਘਰ-ਘਰ ਪਹੁੰਚ ਰਿਹਾ ਸੀ। ਇਸ ਮਾਮਲੇ ਸਬੰਧੀ ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਰੈੱਡੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।
ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਡੇਰਾਬੱਸੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਈਸਾਪੁਰ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਉਰਫ਼ ਬਈਆ, ਹਰਦਿੱਤਾ ਸਿੰਘ ਉਰਫ਼ ਕਾਲਾ ਅਤੇ ਨਰਿੰਦਰ ਸਿੰਘ ਉਰਫ਼ ਰਾਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਨਰਿੰਦਰ ਸਿੰਘ ਵੀ ਪਹਿਲਾਂ ਸਰਪੰਚ ਰਹਿ ਚੁੱਕਾ ਹੈ।
ਡੇਰਾਬੱਸੀ ਥਾਣਾ ਮੁਖੀ ਸੁਮਿੱਤ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
ਪੁਲਿਸ ਮੁਤਾਬਕ 26 ਮਈ ਨੂੰ ਨਗਰ ਕੌਂਸਲ ਚੋਣਾਂ ਤੋਂ ਠੀਕ ਪਹਿਲਾਂ ਵਾਰਡ ਨੰਬਰ 16 ਦੀ ਈਸਾਪੁਰ ਕਾਲੋਨੀ ਵਿੱਚ ਕੁਝ ਲੋਕ ਰੇਹੜੀ ’ਤੇ ਸ਼ਰਾਬ, ਕੋਲਡ ਡ੍ਰਿੰਕ ਅਤੇ ਹੋਰ ਸਮਾਨ ਲੈ ਕੇ ਘਰ-ਘਰ ਵੰਡ ਰਹੇ ਸਨ। ਇਸ ਦੌਰਾਨ ਦੀ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਈਸਾਪੁਰ ਕਾਲੋਨੀ ਦੀ ਗਲੀ ਵਿੱਚ ਮਕਾਨ ਨੰਬਰ 789 ਦੇ ਨੇੜੇ ਵੋਟਰਾਂ ਨੂੰ ਕਥਿਤ ਤੌਰ ’ਤੇ ਸਮਾਨ ਵੰਡੇ ਜਾ ਰਹੇ ਸਨ। ਇਸ ਦੇ ਆਧਾਰ ’ਤੇ ਤਿੰਨਾਂ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਕੇਸ ਦਰਜ ਕਰ ਲਿਆ ਗਿਆ।
ਪੁਲਿਸ ਨੇ ਆਬਕਾਰੀ ਐਕਟ ਅਤੇ ਜਨ ਪ੍ਰਤਿਨਿਧਿਤਾ ਐਕਟ ਦੀ ਧਾਰਾ 123 ਅਤੇ 135 ਤਹਿਤ ਐਫਆਈਆਰ ਦਰਜ ਕੀਤੀ ਹੈ। ਇਨ੍ਹਾਂ ਧਾਰਾਵਾਂ ਅਨੁਸਾਰ ਚੋਣਾਂ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ, ਸਮਾਨ ਜਾਂ ਹੋਰ ਕਿਸੇ ਤਰ੍ਹਾਂ ਦਾ ਲਾਲਚ ਦੇਣਾ ਗੈਰਕਾਨੂੰਨੀ ਹੈ। ਬਿਨਾਂ ਮਨਜ਼ੂਰੀ ਸ਼ਰਾਬ ਵੰਡਣਾ ਜਾਂ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਾ ਵੀ ਕਾਨੂੰਨ ਦੀ ਉਲੰਘਣਾ ਮੰਨੀ ਜਾਂਦੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH