
ਬਰਨਾਲਾ, 28 ਮਈ (ਹਿੰ.ਸ.)| ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ’ਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਕਸਬੇ ਦੇ ਮੁਹੱਲਾ ਵੱਡੇ ਕੌੜੀਆਂ ਸਥਿਤ ਸ਼ਮਸ਼ਾਨਘਾਟ ਤੋਂ ਬਰਾਮਦ ਕੀਤਾ ਗਿਆ ਹੈ। ਨੌਜਵਾਨ ਦੀ ਪਛਾਣ ਲਖਵੀਰ ਸਿੰਘ ਵਜੋਂ ਹੋਈ ਹੈ। ਸ਼ਮਸ਼ਾਨਘਾਟ ਵਿੱਚ ਨੌਜਵਾਨ ਦਾ ਸ਼ਵ ਮਿਲਣ ਦੀ ਖ਼ਬਰ ਫੈਲਦੇ ਹੀ ਇਲਾਕੇ ਵਿੱਚ ਸਨਸਨੀ ਫੈਲ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਭਦੌੜ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸ਼ਵ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਸਿਵਲ ਹਸਪਤਾਲ ਭੇਜ ਕੇ ਪੋਸਟਮਾਰਟਮ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਖਵੀਰ ਸਿੰਘ ਪਿਛਲੇ ਕਰੀਬ ਚਾਰ ਸਾਲਾਂ ਤੋਂ ਨਸ਼ੇ ਦੀ ਗੰਭੀਰ ਲਤ ਵਿੱਚ ਸੀ। ਪਰਿਵਾਰ ਵੱਲੋਂ ਉਸਨੂੰ ਇਸ ਆਦਤ ਤੋਂ ਬਚਾਉਣ ਲਈ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਨਸ਼ਾ ਨਹੀਂ ਛੱਡ ਸਕਿਆ। ਲਖਵੀਰ ਸਿੰਘ ਵਿਆਹਿਆ ਹੋਇਆ ਸੀ ਅਤੇ ਉਸਦੀ ਮੌਤ ਤੋਂ ਬਾਅਦ ਉਸ ਦੇ ਦੋ ਮਾਸੂਮ ਬੇਟੀਆਂ ਅਤੇ ਇੱਕ ਛੋਟਾ ਬੇਟਾ ਅਨਾਥ ਹੋ ਗਏ ਹਨ, ਜਿਸ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।ਮ੍ਰਿਤਕ ਦੇ ਪਿਤਾ ਬੂਟਾ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਉਹ ਆਪਣੇ ਪੁੱਤਰ ਨੂੰ ਨਸ਼ਾ ਛੱਡਣ ਲਈ ਬਾਰ-ਬਾਰ ਬੇਨਤੀਆਂ ਕਰਦੇ ਰਹੇ। ਉਨ੍ਹਾਂ ਕਿਹਾ, “ਸਾਨੂੰ ਹਰ ਵੇਲੇ ਇਹ ਡਰ ਸੀ ਕਿ ਨਸ਼ਾ ਕਦੇ ਸਾਡੇ ਪੁੱਤਰ ਦੀ ਜਾਨ ਨਾ ਲੈ ਲਵੇ, ਅਤੇ ਆਖ਼ਿਰ ਉਹੀ ਹੋ ਗਿਆ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।ਥਾਣਾ ਭਦੌੜ ਦੇ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਨਸ਼ਾ ਵੇਚਦਾ ਜਾਂ ਜਨਤਕ ਥਾਵਾਂ ‘ਤੇ ਨਸ਼ਾ ਕਰਦਾ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH