
ਮੋਹਾਲੀ ਸਮੇਤ ਅੱਠ ਵਿੱਚੋਂ ਛੇ ਨਗਰ ਨਿਗਮਾਂ ‘ਤੇ ਆਮ ਆਦਮੀ ਪਾਰਟੀ ਨੇ ਕੀਤਾ ਕਬਜ਼ਾ
ਚੰਡੀਗੜ੍ਹ, 29 ਮਈ (ਹਿੰ.ਸ.)| ਪੰਜਾਬ ਵਿੱਚ ਹੋਈਆਂ
ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ
ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬੇ ਭਰ ਵਿੱਚ ਵੱਡੀ ਜਿੱਤ ਦਰਜ
ਕੀਤੀ ਹੈ।
ਰਾਜ ਦੇ ਕੁੱਲ 1,897 ਵਾਰਡਾਂ ਵਿੱਚੋਂ 1000 ਤੋਂ ਵੱਧ ਵਾਰਡਾਂ ‘ਤੇ ਆਪ ਉਮੀਦਵਾਰ ਜੇਤੂ ਰਹੇ। ਇਸਦੇ ਮੁਕਾਬਲੇ ਕਾਂਗਰਸ ਨੂੰ 355 ਵਾਰਡਾਂ ਵਿੱਚ ਜਿੱਤ
ਮਿਲੀ, ਜਦਕਿ ਸ਼੍ਰੋਮਣੀ ਅਕਾਲੀ ਦਲਨੇ 180 ਵਾਰਡਾਂ ‘ਤੇ ਬਾਜ਼ੀ ਮਾਰੀ। 251 ਵਾਰਡਾਂ ‘ਤੇ ਆਜ਼ਾਦ ਜਾਂ ਹੋਰ ਪਾਰਟੀਆਂ ਦੇ ਉਮੀਦਵਾਰ ਜਿੱਤੇ, ਜਦਕਿ ਭਾਰਤੀ ਜਨਤਾ ਪਾਰਟੀ 153 ਵਾਰਡਾਂ ਵਿੱਚ ਜਿੱਤ ਨਾਲ ਪੰਜਵੇਂ ਸਥਾਨ ‘ਤੇ ਰਹੀ।
ਚੋਣ ਕਮਿਸ਼ਨ ਅਨੁਸਾਰ, ਇਸ ਵਾਰ 80 ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਘੋਸ਼ਿਤ ਹੋਏ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 63 ਉਮੀਦਵਾਰ ਆਮ ਆਦਮੀ ਪਾਰਟੀ ਦੇ ਸਨ। ਇਸ ਤੋਂ
ਇਲਾਵਾ ਅਕਾਲੀ ਦਲ ਦੇ 9, ਕਾਂਗਰਸ ਦਾ 1 ਅਤੇ 7 ਆਜ਼ਾਦ ਉਮੀਦਵਾਰ ਵੀ ਬਿਨਾਂ ਮੁਕਾਬਲੇ ਜਿੱਤੇ।
ਮੋਹਾਲੀ ਸਮੇਤ ਅੱਠ
ਵਿੱਚੋਂ ਛੇ ਨਗਰ ਨਿਗਮਾਂ ‘ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ।
ਹਾਲਾਂਕਿ ਕਪੂਰਥਲਾ ਵਿੱਚ ਕਾਂਗਰਸ ਅਤੇ ਅਬੋਹਰ ਵਿੱਚ ਭਾਜਪਾ ਨੂੰ ਬਹੁਮਤ ਮਿਲਿਆ। ਕਾਂਗਰਸ ਨੇ
ਕਪੂਰਥਲਾ ਵਿੱਚ ਜਿੱਤ ਹਾਸਲ ਕਰਕੇ ਆਪਣੀ ਮੌਜੂਦਗੀ ਦਰਜ ਕਰਵਾਈ, ਜਦਕਿ ਅਬੋਹਰ ਵਰਗੇ ਸਰਹੱਦੀ ਅਤੇ ਵਪਾਰਕ ਇਲਾਕੇ
ਵਿੱਚ ਭਾਜਪਾ ਨੇ ਮਜ਼ਬੂਤ ਪ੍ਰਦਰਸ਼ਨ ਕੀਤਾ।
ਭਾਜਪਾ ਆਗੂਆਂ ਨੇ ਇਸ
ਨੂੰ ਸ਼ਹਿਰੀ ਵੋਟਰਾਂ ਵਿੱਚ ਪਾਰਟੀ ਦੀ ਵਧਦੀ ਪਸੰਦ ਦੱਸਿਆ ਅਤੇ ਕਿਹਾ ਕਿ ਵਪਾਰ, ਬੁਨਿਆਦੀ ਢਾਂਚੇ ਅਤੇ ਸੁਰੱਖਿਆ ਵਰਗੇ ਮੁੱਦਿਆਂ ‘ਤੇ ਲੋਕਾਂ ਨੇ ਪਾਰਟੀ ਨੂੰ ਸਮਰਥਨ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ
ਲਈ ਇਹ ਚੋਣਾਂ ਕਾਫੀ ਚੁਣੌਤੀਪੂਰਨ ਸਾਬਤ ਹੋਈਆਂ। ਪਾਰਟੀ ਆਪਣੇ ਕਈ ਰਵਾਇਤੀ ਗੜ੍ਹਾਂ ਵਿੱਚ ਉਮੀਦ
ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ।
ਅੰਕੜਿਆਂ ਮੁਤਾਬਕ
ਚੋਣਾਂ ਵਿੱਚ ਕੁੱਲ 35 ਲੱਖ 683 ਵੋਟਰ ਆਪਣੇ ਮਤਾਧਿਕਾਰ ਦੀ ਵਰਤੋਂ ਕਰਨ ਦੇ ਯੋਗ ਸਨ। ਇਨ੍ਹਾਂ ਵਿੱਚੋਂ 22 ਲੱਖ 38 ਹਜ਼ਾਰ 241 ਵੋਟਰਾਂ ਨੇ ਵੋਟ
ਪਾਈ। ਵੋਟ ਪਾਉਣ ਵਾਲਿਆਂ ਵਿੱਚ 11 ਲੱਖ 66 ਹਜ਼ਾਰ 559 ਪੁਰਸ਼, 10 ਲੱਖ 71 ਹਜ਼ਾਰ 604 ਮਹਿਲਾਵਾਂ ਅਤੇ 78 ਹੋਰ ਵਰਗਾਂ ਦੇ ਵੋਟਰ ਸ਼ਾਮਲ ਸਨ। ਨਗਰ ਨਿਗਮਾਂ ਦੇ 396 ਵਾਰਡਾਂ ਲਈ 1,091 ਪੋਲਿੰਗ ਬੂਥ ਬਣਾਏ ਗਏ ਸਨ, ਜਿੱਥੇ 1,613 ਉਮੀਦਵਾਰ ਮੈਦਾਨ ਵਿੱਚ ਸਨ। ਇੱਥੇ 59.91 ਫੀਸਦੀ ਵੋਟਿੰਗ ਦਰਜ ਕੀਤੀ ਗਈ। ਉੱਥੇ ਹੀ 75 ਨਗਰ ਕੌਂਸਲਾਂ ਦੇ 1,283 ਵਾਰਡਾਂ ਵਿੱਚ 5,141 ਉਮੀਦਵਾਰਾਂ ਨੇ ਚੋਣ ਲੜੀ ਅਤੇ ਇੱਥੇ 65.06 ਫੀਸਦੀ ਵੋਟਿੰਗ ਹੋਈ।
ਸਭ ਤੋਂ ਵੱਧ 76.18 ਫੀਸਦੀ ਵੋਟਿੰਗ ਨਗਰ ਪੰਚਾਇਤਾਂ ਵਿੱਚ ਦਰਜ ਕੀਤੀ
ਗਈ, ਜਿੱਥੇ 19 ਨਗਰ ਪੰਚਾਇਤਾਂ ਦੇ 218 ਵਾਰਡਾਂ ਵਿੱਚ 800 ਉਮੀਦਵਾਰ ਮੈਦਾਨ ਵਿੱਚ ਉਤਰੇ ਸਨ। ਚੋਣ ਪ੍ਰਕਿਰਿਆ ਲਈ
ਸੂਬੇ ਭਰ ਵਿੱਚ ਕੁੱਲ 3,833 ਪੋਲਿੰਗ ਸਟੇਸ਼ਨ ਬਣਾਏ ਗਏ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH