
ਬਰਨਾਲਾ, 28 ਮਈ (ਹਿੰ.ਸ.)| ਬਰਨਾਲਾ ਜ਼ਿਲ੍ਹੇ ਦੇ ਧਨੌਲਾ ਇਲਾਕੇ ਵਿੱਚ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਸੱਸ ਅਤੇ ਸਾਲੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਧਨੌਲਾ ਥਾਣੇ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਜੀਜੇ ਵੱਲੋਂ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਲਗਾਤਾਰ ਪਰਿਵਾਰਕ ਤਣਾਅ ਅਤੇ ਤੰਗਪ੍ਰੇਸ਼ਾਨ ਕਾਰਨ ਨੌਜਵਾਨ ਨੇ ਇਹ ਕਦਮ ਚੁੱਕਿਆ। ਸ਼ਿਕਾਇਤਕਰਤਾ ਸਾਹਿਬ ਸਿੰਘ, ਜੋ ਫਾਜ਼ਿਲਕਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਲੇ ਦਿਆਲ ਸਿੰਘ (26) ਦਾ ਬਚਪਨ ਤੋਂ ਹੀ ਪਾਲਣ-ਪੋਸ਼ਣ ਕੀਤਾ ਸੀ। ਦਿਆਲ ਸਿੰਘ ਆਪਣੀ ਪਤਨੀ ਗੁਰਮੀਤ ਕੌਰ ਨਾਲ ਧਨੌਲਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ।ਗੁਰਮੀਤ ਕੌਰ ਦਾ ਇਹ ਦੂਜਾ ਵਿਆਹ ਸੀ ਅਤੇ ਪਹਿਲੇ ਵਿਆਹ ਤੋਂ ਉਸਦੇ ਦੋ ਬੱਚੇ ਸਨ। ਦੋਸ਼ ਹੈ ਕਿ ਗੁਰਮੀਤ ਕੌਰ ਨੇ ਆਪਣੇ ਦੋਵੇਂ ਬੱਚਿਆਂ ਨੂੰ ਆਪਣੀ ਭੈਣ ਸਰਬਜੀਤ ਕੌਰ ਉਰਫ਼ ਨੋਨਾ, ਵਾਸੀ ਢੱਡਰੀਆਂ ਕੋਲ ਰੱਖਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਦਿਆਲ ਸਿੰਘ ਇਸ ਗੱਲ ਦਾ ਵਿਰੋਧ ਕਰਦਾ ਸੀ, ਜਿਸ ਕਾਰਨ ਘਰ ਵਿੱਚ ਅਕਸਰ ਝਗੜੇ ਰਹਿੰਦੇ ਸਨ।ਧਨੌਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਦੋਵੇਂ ਔਰਤਾਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਅਤੇ ਤੰਗਪ੍ਰੇਸ਼ਾਨ ਕਰਨ ਸਬੰਧੀ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH