
ਜ਼ੀਰਕਪੁਰ, 28 ਮਈ (ਹਿੰ.ਸ.)| ਵਾਤਾਵਰਣ ਨਿਯਮਾਂ ਦੀ ਪਾਲਣਾ ਨੂੰ ਮਜ਼ਬੂਤ ਕਰਨ ਅਤੇ ਸ਼ਹਿਰੀ ਵਿਕਾਸ ਨੂੰ ਹੋਰ ਟਿਕਾਊ ਬਣਾਉਣ
ਦੇ ਉਦੇਸ਼ ਨਾਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫ਼ਤਰ ਐਸ.ਏ.ਐਸ. ਨਗਰ ਵੱਲੋਂ ਜ਼ੀਰਕਪੁਰ
ਵਿੱਚ ਬਿਲਡਰ ਵੈਲਫੇਅਰ ਐਸੋਸੀਏਸ਼ਨ ਨਾਲ ਇੱਕ ਵਿਸ਼ੇਸ਼ ਵਿਚਾਰ-ਵਟਾਂਦਰਾ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸੁਪਰਡੈਂਟਿੰਗ ਐਨਵਾਇਰਨਮੈਂਟਲ ਇੰਜੀਨੀਅਰ (ਐਸ.ਈ.ਈ.)
ਇੰਜੀ. ਗੁਰਸ਼ਰਨ ਦਾਸ ਗਰਗ ਅਤੇ ਐਗਜ਼ੀਕਿਊਟਿਵ ਇੰਜੀਨੀਅਰ (ਈ.ਈ.) ਇੰਜੀ. ਕੰਵਲਦੀਪ ਕੌਰ ਦੀ
ਅਗਵਾਈ ਹੇਠ ਆਯੋਜਿਤ ਹੋਈ। ਮੀਟਿੰਗ ਦਾ ਮੁੱਖ ਮਕਸਦ ਬਿਲਡਰਾਂ ਨੂੰ ਉਸਾਰੀ ਪ੍ਰੋਜੈਕਟਾਂ ਨਾਲ ਜੁੜੇ
ਵਾਤਾਵਰਣ ਨਿਯਮਾਂ, ਕਾਨੂੰਨੀ ਸ਼ਰਤਾਂ ਅਤੇ ਵਾਤਾਵਰਣ ਕਲੀਅਰੈਂਸ ਦੀ ਪਾਲਣਾ ਬਾਰੇ
ਸਪਸ਼ਟ ਸੇਧ ਦੇਣਾ ਸੀ।
ਅਧਿਕਾਰੀਆਂ ਨੇ ਕਿਹਾ ਕਿ ਬੋਰਡ ਦਾ ਉਦੇਸ਼ ਸਿਰਫ ਨਿਯਮ ਲਾਗੂ ਕਰਨਾ
ਨਹੀਂ, ਸਗੋਂ ਉਦਯੋਗ ਅਤੇ ਪ੍ਰਸ਼ਾਸਨ ਵਿਚਕਾਰ ਤਾਲਮੇਲ ਵਧਾ ਕੇ ਵਾਤਾਵਰਣ-ਅਨੁਕੂਲ ਵਿਕਾਸ ਨੂੰ
ਪ੍ਰੋਤਸਾਹਿਤ ਕਰਨਾ ਵੀ ਹੈ।
ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪ੍ਰੋਜੈਕਟਾਂ ਦੇ ਨਿਰਮਾਣ ਅਤੇ ਚਲਾਉਣ
ਦੋਹਾਂ ਪੜਾਵਾਂ ਵਿੱਚ ਵਾਤਾਵਰਣ ਮਾਪਦੰਡਾਂ ਦੀ ਪੂਰੀ ਪਾਲਣਾ ਲਾਜ਼ਮੀ ਹੈ। ਮੀਟਿੰਗ ਦੌਰਾਨ ਬਿਲਡਰਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਸਾਈਟਾਂ ‘ਤੇ ਵਾਤਾਵਰਣ ਨਿਯਮਾਂ
ਦੀ ਜਾਣਕਾਰੀ ਵੱਡੇ ਬੋਰਡਾਂ ਰਾਹੀਂ ਦਰਸਾਈ ਜਾਵੇ, ਤਾਂ ਜੋ ਮਜ਼ਦੂਰ ਅਤੇ ਸਟਾਫ਼ ਨਿਰੰਤਰ ਜਾਗਰੂਕ
ਰਹਿਣ। ਨਾਲ ਹੀ ਅਰਜ਼ੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਏਜੰਟਾਂ ‘ਤੇ ਨਿਰਭਰਤਾ ਘਟਾ ਕੇ
ਖੁਦ ਦਸਤਾਵੇਜ਼ ਸਮਝਣ ਅਤੇ ਭਰਨ ਦੀ ਅਪੀਲ ਕੀਤੀ ਗਈ।
ਆਉਣ ਵਾਲੇ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਨਵਾਟਰ
ਹਾਰਵੈਸਟਿੰਗ ਪ੍ਰਣਾਲੀਆਂ ਦੀ ਸਫਾਈ ਅਤੇ ਭੂਗਰਭ ਪਾਣੀ ਦੀ ਸੁਰੱਖਿਆ ‘ਤੇ ਖਾਸ ਜ਼ੋਰ ਦਿੱਤਾ
ਗਿਆ। ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਸਹੀ ਤਰੀਕੇ ਨਾਲ ਚਲਾਉਣ, ਟ੍ਰੀਟਡ ਪਾਣੀ ਦੀ
ਰੀਯੂਜ਼ ਅਤੇ ਗੰਦੇ ਪਾਣੀ ਦੇ ਗੈਰਕਾਨੂੰਨੀ ਨਿਕਾਸ ਨੂੰ ਰੋਕਣ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ।
ਇਸ ਤੋਂ ਇਲਾਵਾ, ਰਿਹਾਇਸ਼ੀ ਕਾਲੋਨੀਆਂ ਵਿੱਚ ਵੱਡੇ ਪੱਧਰ ‘ਤੇ ਦਰੱਖਤ ਲਗਾਉਣ
ਅਤੇ ਠੋਸ ਕਚਰੇ ਦੀ ਘਟਾਉਣ ਲਈ ਟਿਕਾਊ ਜੀਵਨ ਸ਼ੈਲੀ ਅਪਣਾਉਣ ਦੀ ਵੀ ਅਪੀਲ ਕੀਤੀ ਗਈ।
ਬਿਲਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਗੁਪਤਾ ਨੇ ਬੋਰਡ ਦੀ ਇਸ
ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਮੀਟਿੰਗਾਂ ਉਦਯੋਗ ਅਤੇ ਪ੍ਰਸ਼ਾਸਨ ਵਿਚਕਾਰ
ਭਰੋਸਾ ਵਧਾਉਂਦੀਆਂ ਹਨ। ਉਨ੍ਹਾਂ ਜ਼ੀਰਕਪੁਰ ਦੇ ਵਿਕਾਸ ਲਈ ਹੋਰ ਐਸਟੀਪੀਜ਼ ਦੀ ਲੋੜ ਵੀ
ਉਜਾਗਰ ਕੀਤੀ। ਚੇਅਰਪਰਸਨ ਰੀਨਾ
ਗੁਪਤਾ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਤਦ ਹੀ ਸੰਭਵ ਹੈ ਜਦੋਂ ਸਰਕਾਰ ਅਤੇ ਸਟੇਕਹੋਲਡਰ ਮਿਲ ਕੇ
ਕੰਮ ਕਰਨ। ਪੀਪੀਸੀਬੀ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਜਾਰੀ
ਰੱਖਣ ਦਾ ਭਰੋਸਾ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH