
ਬਰਨਾਲਾ, 28 ਮਈ (ਹਿੰ.ਸ.)| ਬਠਿੰਡਾ–ਚੰਡੀਗੜ੍ਹ ਮੁੱਖ ਮਾਰਗ ‘ਤੇ ਤਪਾ ਮੰਡੀ ਦੇ ਮਾਡਰਨ ਢਾਬੇ ਨੇੜੇ ਉਸ ਵੇਲੇ ਵੱਡਾ ਹਾਦਸਾ ਟਲ ਗਿਆ ਜਦੋਂ ਸ਼ਰਧਾਲੂਆਂ ਨਾਲ ਭਰੀ ਇੱਕ ਮਿੰਨੀ ਬੱਸ ਦਾ ਅਚਾਨਕ ਅੱਗਲਾ ਟਾਇਰ ਫਟ ਗਿਆ। ਟਾਇਰ ਫਟਣ ਕਾਰਨ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖੇਤਾਂ ਵਿੱਚ ਜਾ ਵੜੀ। ਰਾਹਤ ਦੀ ਗੱਲ ਇਹ ਰਹੀ ਕਿ ਬੱਸ ਵਿੱਚ ਸਵਾਰ ਕਰੀਬ 40 ਸ਼ਰਧਾਲੂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕਿਸੇ ਨੂੰ ਕੋਈ ਗੰਭੀਰ ਚੋਟ ਨਹੀਂ ਆਈ। ਬੱਸ ਵਿੱਚ ਸਵਾਰ ਸ਼ਰਧਾਲੂ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਸਾਰੇ ਜਲਾਲਾਬਾਦ ਇਲਾਕੇ ਤੋਂ ਸੰਗਤਾਂ ਨਾਲ ਮਿਲ ਕੇ ਪ੍ਰਸਿੱਧ ਗੁਰਦੁਆਰਾ ਅੜੀਸਰ ਸਾਹਿਬ (ਹੰਡਿਆਇਆ) ਨਤਮਸਤਕ ਹੋਣ ਲਈ ਜਾ ਰਹੇ ਸਨ। ਰਸਤੇ ਵਿੱਚ ਤਪਾ ਮੰਡੀ ਨੇੜੇ ਅਚਾਨਕ ਤੇਜ਼ ਧਮਾਕੇ ਨਾਲ ਅੱਗਲਾ ਟਾਇਰ ਫਟ ਗਿਆ। ਟਾਇਰ ਫਟਦੇ ਹੀ ਬੱਸ ਵਿੱਚ ਹੜਕੰਪ ਮਚ ਗਿਆ ਅਤੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਸਿੱਧੀ ਖੇਤਾਂ ਵਿੱਚ ਜਾ ਪਹੁੰਚੀ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਟਾਇਰ ਫਟਣ ਦੀ ਆਵਾਜ਼ ਕਾਫ਼ੀ ਦੂਰ ਤੱਕ ਸੁਣੀ ਗਈ। ਗਨੀਮਤ ਰਹੀ ਕਿ ਹਾਦਸੇ ਵੇਲੇ ਸੜਕ ‘ਤੇ ਕੋਈ ਹੋਰ ਵਾਹਨ ਨੇੜੇ ਨਹੀਂ ਸੀ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਹਾਦਸੇ ਤੋਂ ਬਾਅਦ ਰਾਹਗੀਰਾਂ ਅਤੇ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੇ ਤੁਰੰਤ ਮਦਦ ਲਈ ਦੌੜ ਲਾਈ ਅਤੇ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH