
ਦਿਵਿਆਂਗ, ਪ੍ਰਵਾਸੀ ਅਤੇ ਬਜ਼ੁਰਗ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲਾ: ਵਧੀਕ ਜ਼ਿਲ੍ਹਾ ਚੋਣ ਅਫਸਰ
ਅੰਮ੍ਰਿਤਸਰ, 29 ਮਈ (ਹਿੰ.ਸ.)| ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ। ਇਹ ਜਾਣਕਾਰੀ ਰੁਪਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ਼) -ਕਮ- ਵਧੀਕ ਜ਼ਿਲ੍ਹਾ ਚੋਣ ਅਫਸਰ, ਅੰਮ੍ਰਿਤਸਰ ਵੱਲੋਂ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਹੈਲਪ ਡੈਸਕ ਦਾ ਮੁੱਖ ਮਕਸਦ ਐਸਆਈਆਰ ਦੌਰਾਨ ਚੋਣ ਸੇਵਾਵਾਂ ਤੱਕ ਆਸਾਨ ਪਹੁੰਚ ਦੀ ਸਹੂਲਤ ਦੇਣਾ ਅਤੇ ਸਾਰੇ ਯੋਗ ਨਾਗਰਿਕਾਂ, ਖਾਸ ਕਰਕੇ ਦਿਵਿਆਂਗ, ਪ੍ਰਵਾਸੀ ਅਤੇ ਬਜ਼ੁਰਗ ਵੋਟਰਾਂ ਦੀ ਚੋਣ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ।ਇਸ ਹੈਲਪ ਡੈਸਕ ਰਾਹੀਂ ਵੋਟਰਾਂ ਨੂੰ ਕਈ ਮਹੱਤਵਪੂਰਨ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇੱਥੇ ਆਉਣ ਵਾਲੇ ਨਾਗਰਿਕਾਂ ਨੂੰ ਐਸਆਈਆਰ ਦੀ ਸਮਾਂ-ਸੀਮਾ, ਨਵੀਂ ਵੋਟ ਬਣਾਉਣ, ਸੋਧ ਕਰਨ ਜਾਂ ਵੋਟ ਕਟਾਉਣ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵੋਟਰਾਂ ਨੂੰ ਪਿਛਲੀ ਆਖਰੀ ਐਸਆਈਆਰ ਸਾਲ-2003 ਦੀ ਵੋਟਰ ਸੂਚੀ ਦੇ ਰਿਕਾਰਡ ਨਾਲ ਖੋਜ ਕਰਨ ਅਤੇ ਲਿੰਕ ਕਰਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ਹੈਲਪ ਡੈਸਕ ਦਾ ਸਟਾਫ਼ ਵੋਟਰਾਂ ਨੂੰ ਆਨਲਾਈਨ ਅਤੇ ਆਫ਼ਲਾਈਨ ਦੋਵਾਂ ਮਾਧਿਅਮਾਂ ਰਾਹੀਂ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਨ ਵਿੱਚ ਵੀ ਮਦਦ ਕਰੇਗਾ।ਪ੍ਰਵਾਸੀ ਵੋਟਰਾਂ ਦੀ ਸਹੂਲਤ ਲਈ ਉਨ੍ਹਾਂ ਦੇ ਮੌਜੂਦਾ ਅਤੇ ਪਿਛਲੇ ਵਿਧਾਨ ਸਭਾ ਚੋਣ ਹਲਕਿਆਂ ਦੀ ਪਛਾਣ ਕਰਨ ਵਿੱਚ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਰਜਿਸਟ੍ਰੇਸ਼ਨ ਬਿਲਕੁਲ ਸਹੀ ਜਗ੍ਹਾ 'ਤੇ ਯਕੀਨੀ ਬਣਾਈ ਜਾ ਸਕੇ। ਇਸ ਦੇ ਨਾਲ ਹੀ ਨਾਗਰਿਕਾਂ ਨੂੰ ਵੋਟਰ ਹੈਲਪਲਾਈਨ ਨੰਬਰ 1950 ਅਤੇ ਆਲ-ਇਨਕਲੂਸਿਵ ਮੋਬਾਈਲ ਐਪ ਦੀਆਂ ਵਿਸ਼ੇਸ਼ਤਾਵਾਂ, ਖਾਸ ਤੌਰ 'ਤੇ ਬੀਐਲਓ ਨਾਲ ਕਾਲ ਬੁੱਕ ਕਰੋ' ਸਹੂਲਤ ਬਾਰੇ ਜਾਗਰੂਕ ਕੀਤਾ ਜਾਵੇਗਾ।ਵਧੀਕ ਜ਼ਿਲ੍ਹਾ ਚੋਣ ਅਫਸਰ, ਅੰਮ੍ਰਿਤਸਰ ਨੇ ਮੌਕੇ 'ਤੇ ਤਾਇਨਾਤ ਸਟਾਫ ਨੂੰ ਹਦਾਇਤ ਕੀਤੀ ਕਿ ਉਪਰੋਕਤ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿ ਐਸਆਈਆਰ ਦੇ ਇਸ ਮਹੱਤਵਪੂਰਨ ਚੋਣ ਕੰਮ ਵਿੱਚ ਵੋਟਰਾਂ ਅਤੇ ਆਮ ਜਨਤਾ ਨੂੰ ਇਸ ਹੈਲਪ ਡੈਸਕ ਦੀ ਸੁਵਿਧਾ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH