
ਚੰਡੀਗੜ੍ਹ, 29 ਮਈ (ਹਿੰ.ਸ.)| ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸ਼ੁੱਕਰਵਾਰ ਨੂੰ ਮਾਹਵਾਰੀ ਸਫਾਈ ਦਿਵਸ ਮਨਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਦਿਵਸ ਹਰ ਸਾਲ ਵਿਸ਼ਵ ਪੱਧਰ ‘ਤੇ 28 ਮਈ ਨੂੰ ਮਨਾਇਆ ਜਾਂਦਾ ਹੈ, ਪਰ 28 ਮਈ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਸਸੀਈਆਰਟੀ), ਪੰਜਾਬ ਵੱਲੋਂ ਇਸ ਨੂੰ 29 ਮਈ ਨੂੰ ਮਨਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਪ੍ਰੋਗਰਾਮ ਪੰਜਾਬ ਦੇ ਸਾਰੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪਹਿਲਾਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਮਨਾਇਆ ਜਾਵੇਗਾ। ਮਾਹਵਾਰੀ ਸਿਹਤ ਅਤੇ ਸਫਾਈ ਬਾਰੇ ਜਾਗਰੂਕਤਾ ਫੈਲਾਉਣ ਲਈ ਸਕੂਲ ਸਿੱਖਿਆ ਵਿਭਾਗ ਨੇ ਵਾਸ਼ ਯੂਨਾਈਟਿਡ ਦੇ ਸਹਿਯੋਗ ਨਾਲ “ਰੂਬੀਜ਼ ਵਰਲਡ” ਨਾਮਕ ਪੰਜਾਬੀ ਭਾਸ਼ਾ ਵਿੱਚ ਇੱਕ ਵਿਸ਼ੇਸ਼ ਲਰਨਿੰਗ ਮੋਡੀਊਲ ਵੀ ਤਿਆਰ ਕੀਤਾ ਹੈ।
ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸੂਬਾ ਪੱਧਰ ‘ਤੇ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਪਾਇਲਟ ਪ੍ਰੋਜੈਕਟ ਤਹਿਤ 100 ਚੁਣੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 100 ਅਧਿਆਪਕਾਂ ਨੂੰ ਵਿਸ਼ੇਸ਼ ਤਰਬੀਅਤ ਦਿੱਤੀ ਗਈ। ਇਸ ਤੋਂ ਬਾਅਦ 13 ਤੋਂ 16 ਮਈ ਤੱਕ ਜ਼ਿਲ੍ਹਾ ਪੱਧਰੀ ਵਰਕਸ਼ਾਪਾਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਮਾਸਟਰ ਟ੍ਰੇਨਰਾਂ ਨੇ 3,668 ਸਰਕਾਰੀ ਸਕੈਂਡਰੀ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਦੋ-ਦੋ ਅਧਿਆਪਕਾਂ ਨੂੰ ਮਾਹਵਾਰੀ ਸਿਹਤ ਅਤੇ ਸਫਾਈ ਬਾਰੇ ਸਿਖਲਾਈ ਦਿੱਤੀ।
ਸਕੂਲ ਮੁਖੀਆਂ ਨੂੰ “ਪੀਰੀਅਡ ਫਰੈਂਡਲੀ” ਮਾਹੌਲ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। “ਰੂਬੀਜ਼ ਵਰਲਡ” ਮੋਡੀਊਲ ਰਾਹੀਂ ਵਿਦਿਆਰਥਣਾਂ ਨੂੰ ਮਾਹਵਾਰੀ ਸਿਹਤ, ਸੁਰੱਖਿਆ, ਪੋਸ਼ਣ, ਸਵੈ-ਸੰਭਾਲ ਅਤੇ ਮਾਨਸਿਕ ਤੰਦਰੁਸਤੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਨਾਲ ਹੀ ਸੈਨੇਟਰੀ ਪੈਡਾਂ ਦੀ ਸਹੀ ਵਰਤੋਂ ਅਤੇ ਸੁਰੱਖਿਅਤ ਨਿਪਟਾਰੇ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਸਕੂਲਾਂ ਨੂੰ ਸਾਫ਼ ਸੌਚਾਲਿਆਂ, ਪਾਣੀ ਦੀ ਪੂਰੀ ਸਹੂਲਤ ਅਤੇ ਸੈਨੇਟਰੀ ਪੈਡ ਨਿਪਟਾਰੇ ਲਈ ਪ੍ਰਬੰਧ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ “ਪਿੰਕ ਸੋਸਾਇਟੀਆਂ” ਅਤੇ ਹੈਲਥ ਐਂਡ ਵੈਲਨੈੱਸ ਕਲੱਬਾਂ ਰਾਹੀਂ ਪੋਸਟਰ ਮੇਕਿੰਗ, ਨਾਅਰਾ ਲੇਖਨ, ਲੇਖ ਲੇਖਨ ਅਤੇ ਜਾਗਰੂਕਤਾ ਰੈਲੀਆਂ ਵੀ ਕਰਵਾਈਆਂ ਜਾਣਗੀਆਂ।
ਐੱਸਸੀਈਆਰਟੀ ਨੇ ਇਸ ਮੁਹਿੰਮ ਨੂੰ ਬਹੁਤ ਮਹੱਤਵਪੂਰਨ ਕਰਾਰ ਦਿੱਤਾ ਹੈ। ਸਾਰੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪ੍ਰੋਗਰਾਮ ਦੀਆਂ ਤਸਵੀਰਾਂ ਸਮੇਤ ਇੱਕ ਸੰਖੇਪ ਰਿਪੋਰਟ ਤਿਆਰ ਕਰਕੇ ਸਮੇਂ ਸਿਰ ਜ਼ਿਲ੍ਹਾ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਉਣ।
ਹਿੰਦੂਸਥਾਨ ਸਮਾਚਾਰ / GURSHARAN SINGH