
ਚੰਡੀਗੜ੍ਹ, 06 ਮਈ (ਹਿੰ.ਸ.)| ਪੰਜਾਬ ਦੇ ਸਾਬਕਾ ਕ੍ਰਿਕਟਰ ਅਮਨਪ੍ਰੀਤ ਸਿੰਘ ਗਿੱਲ ਦੇ ਦੇਹਾਂਤ ਨਾਲ ਖੇਡ ਜਗਤ ਵਿੱਚ ਡੂੰਘਾ ਸੋਗ ਪੈਦਾ ਹੋ ਗਿਆ ਹੈ। ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਦਿਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਸੰਸਥਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅਮਨਪ੍ਰੀਤ ਸਿੰਘ ਗਿੱਲ ਨੇ ਪੰਜਾਬ ਦੀ ਖੇਡ ਲਈ ਅਹਿਮ ਯੋਗਦਾਨ ਪਾਇਆ ਅਤੇ ਆਪਣੀ ਪ੍ਰਤਿਭਾ ਨਾਲ ਕਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੇ ਚਲੇ ਜਾਣ ਨਾਲ ਖੇਡ ਖੇਤਰ ਨੂੰ ਨਾ ਪੂਰਾ ਹੋ ਸਕਣ ਵਾਲਾ ਨੁਕਸਾਨ ਹੋਇਆ ਹੈ।
ਉਹ ਭਾਰਤ ਦੀ ਅੰਡਰ-19 ਟੀਮ, ਆਈ.ਪੀ.ਐਲ. ਦੀ ਟੀਮ ਕਿੰਗਜ਼ ਇਕਸਆਈ ਪੰਜਾਬ (ਹੁਣ ਪੰਜਾਬ ਕਿੰਗਜ਼) ਅਤੇ ਪੰਜਾਬ ਦੀ ਰਾਜ ਟੀਮ ਵੱਲੋਂ ਖੇਡ ਚੁੱਕੇ ਸਨ। ਆਪਣੇ ਖਿਡਾਰੀ ਜੀਵਨ ਦੌਰਾਨ ਉਨ੍ਹਾਂ ਨੇ ਕਈ ਮਹੱਤਵਪੂਰਨ ਪ੍ਰਦਰਸ਼ਨ ਕੀਤੇ। ਖੇਡ ਤੋਂ ਹਟਣ ਤੋਂ ਬਾਅਦ ਵੀ ਉਹ ਖੇਡ ਨਾਲ ਜੁੜੇ ਰਹੇ ਅਤੇ ਪੰਜਾਬ ਦੀ ਸੀਨੀਅਰ ਚੋਣ ਕਮੇਟੀ ਦੇ ਮੈਂਬਰ ਵਜੋਂ ਨਵੀਂ ਪ੍ਰਤਿਭਾ ਨੂੰ ਉਭਾਰਨ ਵਿੱਚ ਯੋਗਦਾਨ ਪਾਉਂਦੇ ਰਹੇ। ਸੰਸਥਾ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਤਾਕਤ ਦੇਣ।
ਹਿੰਦੂਸਥਾਨ ਸਮਾਚਾਰ / GURSHARAN SINGH