
ਚੰਡੀਗੜ੍ਹ, 06 ਮਈ (ਹਿੰ.ਸ.)| ਪੰਜਾਬ ਵਿੱਚ ਹਾਲੀਆ ਬਲਾਸਟਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ‘ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤਿੱਖਾ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਬਲਾਸਟ ਹੋ ਰਹੇ ਹਨ ਅਤੇ ਗ੍ਰੇਨੇਡ ਸੁੱਟੇ ਜਾ ਰਹੇ ਹਨ, ਜਿਸ ਨਾਲ ਪੰਜਾਬ ਦੇ ਹਾਲਾਤ ਖ਼ਰਾਬ ਹੋ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਵੱਲੋਂ ਭਾਜਪਾ ‘ਤੇ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
ਬਿੱਟੂ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਕੇਂਦਰੀ ਸੁਰੱਖਿਆ ਬਲਾਂ ਨੇ ਸ਼ਾਂਤੀਪੂਰਨ ਚੋਣਾਂ ਕਰਵਾਈਆਂ ਅਤੇ ਉੱਥੇ ਇਕ ਪਟਾਕਾ ਵੀ ਨਹੀਂ ਫੁੱਟਣ ਦਿੱਤਾ। ਉਨ੍ਹਾਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਹਿੰਮਤ ਹੈ ਤਾਂ ਭਾਜਪਾ ਦੇ ਨਾਮ ‘ਤੇ ਕੇਸ ਦਰਜ ਕਰਵਾਇਆ ਜਾਵੇ, ਮੇਰੇ ਨਾਮ ‘ਤੇ ਵੀ ਪਾ ਦਿਓ। ਕੁਝ ਤਾਂ ਸ਼ਰਮ ਹੋਣੀ ਚਾਹੀਦੀ ਹੈ।
ਉਨ੍ਹਾਂ ਹੋਰ ਕਿਹਾ ਕਿ ਡੀਜੀਪੀ ਦੇ ਬਿਆਨ ਮੁਤਾਬਕ ਇਹ ਘਟਨਾਵਾਂ ਪਿੱਛੇ ਆਈਐਸਆਈ ਦਾ ਹੱਥ ਦੱਸਿਆ ਜਾ ਰਿਹਾ ਹੈ, ਪਰ ਮੁੱਖ ਮੰਤਰੀ ਇਸਦੇ ਉਲਟ ਬਿਆਨ ਦੇ ਰਹੇ ਹਨ, ਜੋ ਠੀਕ ਨਹੀਂ। ਬਿੱਟੂ ਨੇ ਦੋਸ਼ ਲਗਾਇਆ ਕਿ ਇਸ ਤਰ੍ਹਾਂ ਦੇ ਬਿਆਨ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਹਨ ਅਤੇ ਇੱਕ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਵਰਤਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਆਰਮੀ ਹੈੱਡਕੁਆਰਟਰ ਜਾ ਕੇ ਸਥਿਤੀ ਦਾ ਜਾਇਜ਼ਾ ਲੈਂਦੇ ਅਤੇ ਬੀਐਸਐਫ ਨਾਲ ਗੱਲਬਾਤ ਕਰਕੇ ਫੌਜ ਦਾ ਮਨੋਬਲ ਵਧਾਉਂਦੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇਸ਼ਭਗਤ ਪਾਰਟੀ ਹੈ ਅਤੇ ਜੇ ਹਿੰਮਤ ਹੈ ਤਾਂ ਉਸ ‘ਤੇ ਕੇਸ ਦਰਜ ਕਰਕੇ ਵੇਖ ਲਿਆ ਜਾਵੇ।
ਹਿੰਦੂਸਥਾਨ ਸਮਾਚਾਰ / GURSHARAN SINGH