ਬੀਬੀਐਮਬੀ ਰੈਡ ਕ੍ਰਾਸ ਸੰਸਥਾ ਤਲਵਾੜਾ ਮਹਿਲਾ ਸਸ਼ਸਤੀਕਰਨ ਦਾ ਬਣ ਰਹੀ ਹੈ ਅਧਾਰ
-ਸਿਲਾਈ ਕਢਾਈ ਕੇਂਦਰ ਵਿਚ ਮਹਿਲਾਵਾਂ ਸਿੱਖ ਰਹੀਆਂ ਹਨ ਆਤਮ ਨਿਰਭਰਤਾ ਦਾ ਹੁਨਰ
-ਸਿਲਾਈ ਕਢਾਈ ਕੇਂਦਰ ਵਿਚ ਮਹਿਲਾਵਾਂ ਸਿੱਖ ਰਹੀਆਂ ਹਨ ਆਤਮ ਨਿਰਭਰਤਾ ਦਾ ਹੁਨਰ


ਤਲਵਾੜਾ, 07 ਮਈ (ਹਿੰ.ਸ.)। ਭਾਖੜਾ ਬਿਆਸ ਪ੍ਰਬੰਧ ਬੋਰਡ ਤਲਵਾੜਾ ਦੀ ਰੈਡ ਕ੍ਰਾਸ ਸੰਸਥਾ ਮਹਿਲਾਵਾਂ ਦੇ ਸਸ਼ਸਤੀਕਰਨ ਵਿਚ ਅਹਿਮ ਭੁਮਿਕਾ ਨਿਭਾਅ ਰਹੀ ਹੈ। ਬੀਬੀਐਮਬੀ ਰੈਡ ਕ੍ਰਾਸ ਸੰਸਥਾ ਵੱਲੋਂ ਚਲਾਏ ਜਾ ਰਹੇ ਸਿਲਾਈ ਕਢਾਈ ਕੇਂਦਰ ਵਿਚ ਮਹਿਲਾਵਾਂ ਜਿੱਥੇ ਆਤਮ ਨਿਰਭਰਤਾ ਦਾ ਹੁਨਰ ਸਿੱਖ ਰਹੀਆਂ ਹਨ ਉਥੇ ਹੀ ਛੋਟੇ ਬੱਚਿਆਂ ਦੀ ਸੰਭਾਲ ਦੀ ਵਿਵਸਥਾ ਕੰਮਕਾਜੀ ਮਹਿਲਾਵਾਂ ਲਈ ਵਰਦਾਨ ਸਿੱਧ ਹੋ ਰਹੀ ਹੈ।

ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਮਾਰਗਦਰਸ਼ਨ ਵਿਚ ਸੰਸਥਾ ਵੱਲੋਂ ਉਪਰੋਕਤ ਤੋਂ ਇਲਾਵਾ ਵੀ ਸਮੇਂ ਸਮੇਂ ਤੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਅਤੇ ਸਲਾਨਾ ਰੈਡ ਕ੍ਰਾਸ ਮੇਲਾ ਵੀ ਆਯੋਜਿਤ ਕੀਤਾ ਜਾਂਦਾ ਹੈ।

ਸੰਸਥਾ ਦੇ ਚੇਅਰਪਰਸਨ ਸੀਮਾ ਗੁਪਤਾ ਦੱਸਦੇ ਹਨ ਕਿ ਬੀਬੀਐਮਬੀ ਰੈਡਕ੍ਰਾਸ ਸੰਸਥਾ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਸਿਲਾਈ ਕਢਾਈ ਕੇਂਦਰ ਚਲਾ ਰਹੀ ਹੈ। ਇਸ ਸਮੇਂ ਇਸ ਵਿਚ 17 ਮਹਿਲਾਵਾਂ ਸਿਲਾਈ ਕਢਾਈ ਸਿੱਖ ਰਹੀਆਂ ਹਨ। ਇੱਥੇ ਇੰਨ੍ਹਾਂ ਲਈ ਮਾਹਿਰ ਸਿਖਲਾਈ ਦੇਣ ਵਾਲੀ ਇੰਸਟਰਕਟਰ ਦੀ ਵਿਵਸਥਾ ਕੀਤੀ ਗਈ ਹੈ। ਸਿਲਾਈ ਕਢਾਈ ਸਬੰਧੀ 1 ਸਾਲ ਦਾ ਕੋਰਸ ਪੂਰਾ ਕਰਨ ਤੇ ਬੀਬੀਐਮਬੀ ਰੈਡ ਕ੍ਰਾਸ ਸੰਸਥਾ ਵੱਲੋਂ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਇਸ ਲਈ ਐਡਮਿਸ਼ਨ ਫੀਸ 50 ਰੁਪਏ ਅਤੇ ਮਹੀਨਾਵਾਰ ਫੀਸ ਸਿਰਫ 100 ਰੁਪਏ ਹੈ। ਇੱਥੋਂ ਸਿਲਾਈ ਕਢਾਈ ਦਾ ਕੰਮ ਸਿੱਖ ਕੇ ਇਹ ਮਹਿਲਾਵਾਂ ਆਪਣਾ ਕੰਮ ਸ਼ੁਰੂ ਕਰਨ ਦੇ ਯੋਗ ਹੋ ਜਾਂਦੀਆਂ ਹਨ।

ਸੰਸਥਾ ਦੇ ਸਕੱਤਰ ਡਿੰਪਲ ਆਖਦੇ ਹਨ ਕਿ ਇਸ ਤੋਂ ਇਲਾਵਾ ਸੀਸੂ ਨਿਕੇਤਨ ਵੀ ਚਲਾਇਆ ਜਾ ਰਿਹਾ ਹੈ ਜਿੱਥੇ 2 ਤੋਂ 3 ਸਾਲ ਦੇ ਛੋਟੇ ਬੱਚਿਆਂ ਦੀ ਦਿਨ ਵੇਲੇ ਸੰਭਾਲ ਕੀਤੀ ਜਾਂਦੀ ਹੈ। ਕੰਮਕਾਜੀ ਔਰਤਾਂ ਨੂੰ ਇਸਦੀ ਬਹੁਤ ਸਹੁਲਤ ਹੈ। ਉਹ ਆਪਣੇ ਕੰਮ ਤੇ ਜਾਣ ਸਮੇਂ ਬੱਚਿਆਂ ਨੂੰ ਇੱਥੇ ਛੱਡ ਜਾਂਦੇ ਹਨ। ਇਸ ਦੀ ਵੀ ਦਾਖਲਾ ਫੀਸ 50 ਰੁਪਏ ਹੈ ਜਦ ਕਿ 30 ਹਜਾਰ ਤੱਕ ਦੀ ਆਮਦਨ ਵਾਲਿਆਂ ਲਈ ਮਹੀਨਾਵਾਰ ਫੀਸ 250 ਰੁਪਏ ਅਤੇ 30 ਹਜਾਰ ਤੋਂ ਵੱਧ ਵਾਲਿਆਂ ਲਈ 300 ਰੁਪਏ ਹੈ।

ਰੈਡ ਕ੍ਰਾਸ ਮੈਨੇਜਰ ਨਰਦੇਵ ਸਿੰਘ ਆਖਦੇ ਹਨ ਕਿ ਸੰਸਥਾ ਦੇ ਇਹ ਉਪਰਾਲੇ ਸਮਾਜ ਨੂੰ ਚੰਗੇ ਨਤੀਜੇ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੰਮਕਾਜੀ ਮਹਿਲਾਵਾਂ ਲਈ ਦਿਨ ਵੇਲੇ ਆਪਣੇ ਛੋਟੇ ਬੱਚਿਆਂ ਦੀ ਸੰਭਾਲ ਚੁਣੌਤੀ ਹੁੰਦੀ ਹੈ ਪਰ ਸੀਸੂ ਨਿਕੇਤਨ ਇਸ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਥੇ ਬੱਚਿਆਂ ਨੂੰ ਮਿੱਡ ਡੇ ਮੀਲ ਵੀ ਦਿੱਤਾ ਜਾਂਦਾ ਹੈ ਅਤੇ ਮਹੀਨੇ ਵਿਚ ਦੋ ਬਾਰ ਬੀਬੀਐਮਬੀ ਹਸਪਤਾਲ ਦੇ ਡਾਕਟਰ ਮੈਡੀਕਲ ਚੈਕਅੱਪ ਵੀ ਕਰਦੇ ਹਨ।

ਕਿਉਂ ਮਨਾਇਆ ਜਾਂਦਾ ਹੈ ਰੈਡ ਕ੍ਰਾਸ ਦਿਵਸ :

ਵਿਸ਼ਵ ਰੈੱਡ ਕਰਾਸ ਦਿਵਸ ਹਰ ਸਾਲ 8-ਮਈ ਨੂੰ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਦੇ ਸੰਸਥਾਪਕ ਜੀਨ ਹੈਨਰੀ ਡਿਊਨੈਂਟ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸਦੀ ਸ਼ੁਰੂਆਤ 1863 ਵਿੱਚ ਹੋਈ ਸੀ। ਡਿਊਨੈਂਟ ਨੇ ਜੰਗ ਦੇ ਮੈਦਾਨ ਵਿੱਚ ਜ਼ਖਮੀ ਸੈਨਿਕਾਂ ਦੀ ਦੁਰਦਸ਼ਾ ਦੇਖ ਕੇ ਇਸ ਨਿਰਪੱਖ ਸੰਸਥਾ ਦੀ ਨੀਂਹ ਰੱਖੀ ਸੀ। ਇਹ ਦਿਵਸ ਮਾਨਵਤਾ ਦੀ ਸੇਵਾ, ਖੂਨਦਾਨ ਨੂੰ ਉਤਸ਼ਾਹਿਤ ਕਰਨ ਅਤੇ ਕੁਦਰਤੀ ਆਫ਼ਤਾਂ ਜਾਂ ਜੰਗ ਦੌਰਾਨ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਦੀ ਜਾਨ ਬਚਾਉਣ ਵਾਲੇ ਵਾਲੰਟੀਅਰਾਂ ਦੇ ਜਜ਼ਬੇ ਨੂੰ ਸਲਾਮ ਕਰਨ ਲਈ ਮਨਾਇਆ ਜਾਂਦਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande