
ਚੰਡੀਗੜ੍ਹ, 07 ਮਈ (ਹਿੰ.ਸ.)| ਫਰੀਦਕੋਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੌਰੇ ਤੋਂ ਪਹਿਲਾਂ ਤਿੰਨ ਸਿੱਖਿਆ ਸੰਸਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਹੜਕੰਪ ਮਚ ਗਿਆ। ਧਮਕੀ ਮਿਲਦੇ ਹੀ ਜ਼ਿਲ੍ਹਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ ਅਤੇ ਸੰਬੰਧਿਤ ਸਕੂਲਾਂ ਤੇ ਕਾਲਜਾਂ ਨੂੰ ਖਾਲੀ ਕਰਵਾ ਕੇ ਵੱਡੇ ਪੱਧਰ ’ਤੇ ਸਰਚ ਅਭਿਆਨ ਸ਼ੁਰੂ ਕੀਤਾ ਗਿਆ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਆਪਣੀ “ਸ਼ੁਕਰਾਨਾ ਯਾਤਰਾ” ਤਹਿਤ ਫਰੀਦਕੋਟ ਅਤੇ ਕੋਟਕਪੂਰਾ ਪਹੁੰਚ ਰਹੇ ਹਨ। ਇਸ ਦੌਰਾਨ ਈ-ਮੇਲ ਰਾਹੀਂ ਸਰਕਾਰੀ ਕੰਨਿਆ ਸਕੂਲ ਸਾਦਿਕ, ਦਸਮੇਸ਼ ਪਬਲਿਕ ਸਕੂਲ ਅਤੇ ਦਸਮੇਸ਼ ਡੈਂਟਲ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਸਾਦਿਕ ਦੇ ਸਰਕਾਰੀ ਸਕੂਲ ਨੂੰ ਖਾਲੀ ਕਰਵਾ ਦਿੱਤਾ, ਜਦਕਿ ਫਰੀਦਕੋਟ ਦੇ ਦੋਵੇਂ ਸਿੱਖਿਆ ਸੰਸਥਾਨਾਂ ਵਿੱਚ ਵੀ ਗਹਿਨ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਟੀਮਾਂ ਵੱਲੋਂ ਇਮਾਰਤਾਂ ਦੇ ਹਰ ਕੋਨੇ ਦੀ ਤਲਾਸ਼ੀ ਲਈ ਗਈ, ਪਰ ਹੁਣ ਤੱਕ ਕੋਈ ਵੀ ਸ਼ੱਕੀ ਜਾਂ ਪਾਬੰਦੀਸ਼ੁਦਾ ਵਸਤੂ ਬਰਾਮਦ ਨਹੀਂ ਹੋਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਰਲੋਚਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਐਹਤਿਆਤ ਵਜੋਂ ਫਰੀਦਕੋਟ ਅਤੇ ਕੋਟਕਪੂਰਾ ਦੇ ਜ਼ਿਆਦਾਤਰ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH