
ਚੰਡੀਗੜ੍ਹ, 07 ਮਈ (ਹਿੰ.ਸ.)|
ਚੰਡੀਗੜ੍ਹ ਨਗਰ ਨਿਗਮ ਨੇ ਸਰਕਾਰੀ ਜ਼ਮੀਨਾਂ ‘ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਉਂਦਿਆਂ ਹੱਲੋਮਾਜਰਾ ਇਲਾਕੇ ਦੇ ਲੋਕਾਂ ਨੂੰ 15 ਦਿਨਾਂ ਅੰਦਰ ਆਪਣੇ ਕਬਜ਼ੇ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਨਿਰਧਾਰਤ ਸਮੇਂ ਵਿੱਚ ਕਬਜ਼ੇ ਨਾ ਹਟਾਏ ਗਏ ਤਾਂ ਨਗਰ ਨਿਗਮ ਖੁਦ ਕਾਰਵਾਈ ਕਰੇਗਾ ਅਤੇ ਇਸ ਦੌਰਾਨ ਆਉਣ ਵਾਲਾ ਸਾਰਾ ਖਰਚਾ ਵੀ ਸੰਬੰਧਿਤ ਲੋਕਾਂ ਤੋਂ ਵਸੂਲਿਆ ਜਾਵੇਗਾ।
ਇਸ ਸਬੰਧੀ ਹੁਕਮ ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਨਿਗਮ ਵੱਲੋਂ ਗੈਰਕਾਨੂੰਨੀ ਨਿਰਮਾਣਾਂ ਅਤੇ ਕਬਜ਼ਿਆਂ ‘ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਇਨ੍ਹਾਂ ਟੀਮਾਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਹੱਲੋਮਾਜਰਾ ਇਲਾਕੇ ਵਿੱਚ ਕਈ ਥਾਵਾਂ ‘ਤੇ ਸਰਕਾਰੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ।
ਨਿਗਮ ਅਧਿਕਾਰੀਆਂ ਮੁਤਾਬਕ ਇਹ ਕਬਜ਼ੇ ਪਿੰਡ ਦੀ ਸਰਕਾਰੀ ਜ਼ਮੀਨ, ਸੜਕਾਂ, ਗਲੀਆਂ ਅਤੇ ਖੁੱਲ੍ਹੀਆਂ ਥਾਵਾਂ ‘ਤੇ ਕੀਤੇ ਗਏ ਹਨ। ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਲਈ ਸੰਬੰਧਿਤ ਲੋਕਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ।
ਨਿਗਮ ਨੇ ਚੇਤਾਵਨੀ ਦਿੱਤੀ ਹੈ ਕਿ 15 ਦਿਨਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਬਿਨਾਂ ਹੋਰ ਕਿਸੇ ਨੋਟਿਸ ਦੇ ਸਿੱਧੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH