

ਫਾਜ਼ਿਲਕਾ/ਜਲਾਲਾਬਾਦ, 07 ਮਈ (ਹਿੰ.ਸ.)। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਹਲਕਾ ਜਲਾਲਾਬਾਦ ਦੇ ਪਿੰਡ ਘੁਬਾਇਆ ਵਿਖੇ ਬੱਸ ਸਟੈਂਡ ਅਤੇ ਪਿੰਡ ਜੱਲਾ ਲੱਖੇ ਕੇ ਹਿਠਾੜ (ਧੁਨਕੀਆਂ) ਵਿਖੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ।
ਉਨ੍ਹਾਂ ਦੱਸਿਆ ਕਿ ਪਿੰਡ ਘੁਬਾਇਆ ਦੇ ਵਸਨੀਕਾਂ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ ਇੱਥੇ ਬੱਸ ਸਟੈਂਡ ਬਣਾਇਆ ਜਾਵੇ ਕਿ ਗਰਮੀ ਤੇ ਮੀਂਹ ਵਰਗੇ ਮੌਸਮ ਵਿੱਚ ਬੱਸ ਉਡੀਕਣ ਲਈ ਕਾਫ਼ੀ ਦਿੱਕਤ ਪੇਸ਼ ਆਉਂਦੀ ਹੈ ਤੇ ਹੁਣ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡ ਘੁਬਾਇਆ ਵਿਖੇ ਬੱਸ ਸਟੈਂਡ ਬਣਵਾ ਦਿੱਤਾ ਗਿਆ ਹੈ ਤੇ ਅੱਜ ਇਹ ਪਿੰਡ ਵਾਸੀਆਂ ਨੂੰ ਸਪੁਰਦ ਕਰ ਦਿੱਤਾ ਗਿਆ ਹੈ।
ਇਸ ਉਪਰੰਤ ਵਿਧਾਇਕ ਜਲਾਲਾਬਾਦ ਹਲਕੇ ਦੇ ਪਿੰਡ ਜੱਲਾ ਲੱਖੇ ਕੇ ਹਿਠਾੜ (ਧੁਨਕੀਆਂ) ਪਹੁੰਚੇ ਤੇ ਉੱਥੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਵਿਧਾਇਕ ਜਲਾਲਾਬਾਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤੇ ਇਸੇ ਤਹਿਤ ਹੇਠ ਸਕੂਲਾਂ ਦਾ ਨਵੀਨੀਕਰਨ ਤੇ ਲਾਇਬ੍ਰੇਰੀਆਂ ਦੇ ਨਿਰਮਾਣ ਕੀਤੇ ਜਾ ਰਹੇ ਹਨ ਤਾਂ ਜੋ ਸਾਡੇ ਨੌਜਵਾਨ ਇਨ੍ਹਾਂ ਆਧੁਨਿਕ ਸਹੂਲਤਾਂ ਨਾਲ ਲੈੱਸ ਲਾਇਬ੍ਰੇਰੀਆਂ ਵਿੱਚ ਆਪਣੇ ਇਮਤਿਹਾਨਾਂ ਦੀ ਤਿਆਰੀ ਕਰ ਸਕਣ ਤੇ ਪੜ੍ਹ ਕੇ ਉੱਚ ਮੁਕਾਮ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਵਿਕਾਸ ਕਾਰਜ ਜਾਰੀ ਰਹਿਣਗੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ