
ਚੰਡੀਗੜ੍ਹ, 07 ਮਈ (ਹਿੰ.ਸ.)| ਪੰਜਾਬ ਸਰਕਾਰ ਦੇ ਲੱਖਾਂ ਪੈਨਸ਼ਨਰਾਂ ਲਈ ਵੀਰਵਾਰ ਸਵੇਰ ਰਾਹਤ ਭਰੀ ਖ਼ਬਰ ਲੈ ਕੇ ਆਈ, ਜਦੋਂ ਲੰਬੇ ਇੰਤਜ਼ਾਰ ਤੋਂ ਬਾਅਦ ਅਪ੍ਰੈਲ ਮਹੀਨੇ ਦੀ ਪੈਨਸ਼ਨ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਗਈ। ਇਸ ਵਿੱਚ ਸਾਬਕਾ ਵਿਧਾਇਕਾਂ ਸਮੇਤ ਕਰੀਬ 2.5 ਲੱਖ ਪੈਨਸ਼ਨਰ ਸ਼ਾਮਲ ਹਨ, ਜਿਨ੍ਹਾਂ ਨੂੰ ਪਿਛਲੇ ਮਹੀਨੇ ਦੀ ਪੈਨਸ਼ਨ ਨਾ ਮਿਲਣ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਪੈਨਸ਼ਨ ਵਿੱਚ ਹੋਈ ਦੇਰੀ ਕਾਰਨ ਆਮ ਆਦਮੀ ਪਾਰਟੀ ਸਰਕਾਰ ਦੀ ਵੱਡੇ ਪੱਧਰ ‘ਤੇ ਆਲੋਚਨਾ ਹੋ ਰਹੀ ਸੀ। ਪੰਜਾਬ ਵਿੱਚ ਕੁੱਲ ਕਰੀਬ 4.5 ਲੱਖ ਪੈਨਸ਼ਨਰ ਹਨ, ਜਿਨ੍ਹਾਂ ਵਿੱਚੋਂ 2.5 ਲੱਖ ਦੇ ਖਾਤੇ ਇੱਕ ਸਰਕਾਰੀ ਬੈਂਕ ਵਿੱਚ ਹਨ, ਜਦਕਿ ਬਾਕੀਆਂ ਦੇ ਖਾਤੇ ਦੂਜੇ ਸਰਕਾਰੀ ਬੈਂਕ ਵਿੱਚ ਚੱਲ ਰਹੇ ਹਨ। ਰਾਜ ਸਰਕਾਰ ਵੱਲੋਂ ਹਰ ਮਹੀਨੇ ਕਰੀਬ 1872 ਕਰੋੜ ਰੁਪਏ ਪੈਨਸ਼ਨ ਵਜੋਂ ਜਾਰੀ ਕੀਤੇ ਜਾਂਦੇ ਹਨ।
ਪੈਨਸ਼ਨਰ ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦੀ ਪੈਨਸ਼ਨ ਵੀਰਵਾਰ ਸਵੇਰੇ ਖਾਤੇ ਵਿੱਚ ਆ ਗਈ। ਉਨ੍ਹਾਂ ਕਿਹਾ ਕਿ ਇਹ ਲੱਖਾਂ ਪੈਨਸ਼ਨਰਾਂ ਲਈ ਵੱਡੀ ਰਾਹਤ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਆਮਦਨ ਦਾ ਇਕੱਲਾ ਸਰੋਤ ਪੈਨਸ਼ਨ ਹੀ ਹੈ। ਜਾਣਕਾਰੀ ਅਨੁਸਾਰ ਪੈਨਸ਼ਨ ਵਿੱਚ ਦੇਰੀ ਦਾ ਮਸਲਾ ਬੁੱਧਵਾਰ ਨੂੰ ਸਰਕਾਰੀ ਅਧਿਕਾਰੀਆਂ ਅਤੇ ਬੈਂਕ ਪ੍ਰਬੰਧਕਾਂ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਹੱਲ ਹੋਇਆ। ਬੈਂਕ ਵੱਲੋਂ ਪੈਨਸ਼ਨ ਖਾਤਿਆਂ ਨੂੰ ਸਰਕਾਰ ਦੇ ‘ਪੈਨਸ਼ਨ ਸੇਵਾ ਪੋਰਟਲ’ ਨਾਲ ਜੋੜਨ ਲਈ ਕੁਝ ਹੋਰ ਸਮਾਂ ਮੰਗਿਆ ਗਿਆ ਸੀ। ਇਹ ਡਿਜ਼ਿਟਲ ਪਲੇਟਫਾਰਮ ਪੈਨਸ਼ਨ ਸੰਬੰਧੀ ਵੇਰਵਿਆਂ ਅਤੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਹੋਰ ਬੈਂਕ ਪਹਿਲਾਂ ਹੀ ਇਸ ਡਿਜ਼ਿਟਲ ਪ੍ਰਣਾਲੀ ਨਾਲ ਜੁੜ ਚੁੱਕੇ ਹਨ, ਪਰ ਇੱਕ ਬੈਂਕ ਦੇ ਕਰੀਬ 70 ਹਜ਼ਾਰ ਪੈਨਸ਼ਨਰਾਂ ਦੀ ਡਿਜ਼ਿਟਲ ਤਸਦੀਕ ਅਜੇ ਬਾਕੀ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਤਰਾਂ ਦਾ ਮਾਲੀ ਸੰਕਟ ਨਹੀਂ ਹੈ। ਸੱਭ ਨੂੰ ਸਮੇਂ ਸਿਰ ਪੈਨਸ਼ਨ ਅਤੇ ਹੋਰ ਭੱਤੇ ਮਿਲਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH