
ਮੋਹਾਲੀ, 08 ਮਈ (ਹਿੰ.ਸ.)| ਮੋਹਾਲੀ ਜ਼ਿਲ੍ਹੇ ਵਿੱਚ ਸੀ.ਐਮ. ਦੀ ਯੋਗਸ਼ਾਲਾ ਤਹਿਤ ਲੋਕਾਂ ਵਿੱਚ ਸਿਹਤ, ਯੋਗ ਅਤੇ ਸਕਾਰਾਤਮਕ ਜੀਵਨ ਸ਼ੈਲੀ ਪ੍ਰਤੀ ਜਾਗਰੂਕਤਾ ਲਗਾਤਾਰ ਵੱਧ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਵਿਸ਼ੇਸ਼ ਪਹਿਲ ਅੱਜ ਹਜ਼ਾਰਾਂ ਲੋਕਾਂ ਨੂੰ ਯੋਗ ਨਾਲ ਜੋੜ ਕੇ ਤੰਦਰੁਸਤ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਗਾ ਕੋਆਰਡੀਨੇਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮਕਸਦ ਯੋਗ ਦੇ ਸਰੀਰਕ ਅਤੇ ਮਾਨਸਿਕ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਹੈ ਤਾਂ ਜੋ ਹਰ ਨਾਗਰਿਕ ਤੰਦਰੁਸਤ, ਤਣਾਅ-ਮੁਕਤ ਅਤੇ ਊਰਜਾਵਾਨ ਜੀਵਨ ਜੀ ਸਕੇ। “ਸੀ ਐਮ ਦੀ ਯੋਗਸ਼ਾਲਾ” ਮੁਹਿੰਮ ਰਾਹੀਂ ਪੰਜਾਬ ਸਰਕਾਰ ਲੋਕਾਂ ਨੂੰ ਮੁਫ਼ਤ ਯੋਗ ਸਿਖਲਾਈ ਮੁਹੱਈਆ ਕਰਵਾ ਰਹੀ ਹੈ, ਜਿਸ ਨਾਲ “ਰੰਗਲਾ ਪੰਜਾਬ” ਦੀ ਧਾਰਨਾ ਨੂੰ ਸਾਕਾਰ ਕਰਨ ਵਿੱਚ ਮਦਦ ਮਿਲ ਰਹੀ ਹੈ।
ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਵਾਰਡਾਂ, ਪਾਰਕਾਂ ਅਤੇ ਕਮਿਊਨਿਟੀ ਸਥਾਨਾਂ ‘ਤੇ ਨਿਯਮਿਤ ਤੌਰ ‘ਤੇ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਮੌਜੂਦਾ ਸਮੇਂ ਵਿੱਚ ਜ਼ਿਲ੍ਹੇ ਵਿੱਚ ਕੁੱਲ 545 ਯੋਗ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਮਹਿਲਾਵਾਂ, ਨੌਜਵਾਨ, ਬਜ਼ੁਰਗ ਅਤੇ ਵਿਦਿਆਰਥੀ ਭਾਗ ਲੈ ਕੇ ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਕਰ ਰਹੇ ਹਨ।
ਸਿੱਖਿਅਤ ਯੋਗ ਟ੍ਰੇਨਰਾਂ ਵੱਲੋਂ ਲੋਕਾਂ ਨੂੰ ਯੋਗ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ, ਤਣਾਅ ਪ੍ਰਬੰਧਨ ਅਤੇ ਰੋਜ਼ਾਨਾ ਸਿਹਤ ਸੰਬੰਧੀ ਜ਼ਰੂਰੀ ਜਾਣਕਾਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਮਾਹਿਰਾਂ ਅਨੁਸਾਰ ਨਿਯਮਿਤ ਯੋਗ ਅਭਿਆਸ ਨਾਲ ਮਾਨਸਿਕ ਤਣਾਅ ਘੱਟ ਹੁੰਦਾ ਹੈ, ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ ਅਤੇ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ ‘ਤੇ ਹੋਰ ਵਧੇਰੇ ਤੰਦਰੁਸਤ ਰਹਿੰਦਾ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਸੀ ਐਮ ਦੀ ਯੋਗਸ਼ਾਲਾ’ ਪਹਿਲ ਸਮਾਜ ਨੂੰ ਤੰਦਰੁਸਤ ਅਤੇ ਜਾਗਰੂਕ ਬਣਾਉਣ ਵੱਲ ਇੱਕ ਸ਼ਲਾਘਾਯੋਗ ਉਪਰਾਲਾ ਹੈ। ਜ਼ਿਲ੍ਹੇ ਵਿੱਚ ਨਾਗਰਿਕਾਂ ਦੀ ਵੱਧ ਰਹੀ ਭਾਗੀਦਾਰੀ ਇਹ ਦਰਸਾਉਂਦੀ ਹੈ ਕਿ ਲੋਕ ਯੋਗ ਪ੍ਰਤੀ ਜਾਗਰੂਕ ਹੋ ਰਹੇ ਹਨ। ਅਸੀਂ ਸਮੂਹ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਨਜ਼ਦੀਕੀ ਯੋਗ ਕੇਂਦਰ ਨਾਲ ਜੁੜ ਕੇ ਨਿਯਮਿਤ ਯੋਗ ਕਰਨ ਅਤੇ ਤੰਦਰੁਸਤ ਤੇ ਰੰਗਲੇ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ “ਸੀ ਐਮ ਦੀ ਯੋਗਸ਼ਾਲਾ” ਮੁਹਿੰਮ ਦਾ ਸਫਲ ਸੰਚਾਲਨ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਤੋਂ ਵੱਧ ਲੋਕਾਂ ਨੂੰ ਇਸ ਪਹਿਲ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH