
ਜਲੰਧਰ, 08 ਮਈ (ਹਿੰ.ਸ.)। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਲੰਧਰ ਸਥਿਤ ਸੂਬਾ ਦਫ਼ਤਰ ਵਿਖੇ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਰਾਮ ਜੀ ਗੌਤਮ (ਮੈਂਬਰ ਪਾਰਲੀਮੈਂਟ ਅਤੇ ਮੁੱਖ ਸੈਕਟਰ ਪ੍ਰਭਾਰੀ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਵਿਪੁਲ ਕੁਮਾਰ (ਇੰਚਾਰਜ ਪੰਜਾਬ ਸਟੇਟ) ਸ਼ਿਰਕਤ ਕਰਨ ਪਹੁੰਚੇ। ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਵੱਲੋਂ ਭੇਜੀ ਗਈ ਇਸ ਕੇਂਦਰੀ ਲੀਡਰਸ਼ਿਪ ਦਾ ਸਮੂਹ ਪੰਜਾਬੀ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਡਾ. ਅਵਤਾਰ ਸਿੰਘ ਕਰੀਮਪੁਰੀ, ਰਾਮ ਜੀ ਗੌਤਮ ਅਤੇ ਵਿਪੁਲ ਕੁਮਾਰ ਨੇ ਸਾਂਝੇ ਤੌਰ 'ਤੇ ਐਲਾਨ ਕੀਤਾ ਕਿ ਬਹੁਜਨ ਸਮਾਜ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਆਪਣੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਗੰਭੀਰ ਸੰਕਟਾਂ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਲਈ 'ਪੰਜਾਬ ਸੰਭਾਲੋ ਮੁਹਿੰਮ' ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੁਹਿੰਮ ਰਾਹੀਂ ਸੂਬੇ ਵਿੱਚ ਵਧ ਰਹੇ ਕਰਜ਼ੇ, ਨਸ਼ਿਆਂ ਦੇ ਕੋਹੜ, ਨੌਜਵਾਨਾਂ ਦੇ ਪ੍ਰਵਾਸ ਅਤੇ ਸਿੱਖਿਆ ਤੇ ਸਿਹਤ ਸਹੂਲਤਾਂ ਦੀ ਮਾੜੀ ਹਾਲਤ ਵਰਗੇ ਮੁੱਦਿਆਂ 'ਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।
ਇਸ ਮੌਕੇ ਪਾਰਟੀ ਵੱਲੋਂ ਰਾਮ ਜੀ ਗੌਤਮ, ਵਿਪੁਲ ਕੁਮਾਰ, ਅਜੀਤ ਸਿੰਘ ਭੈਣੀ ਅਤੇ ਕੁਲਦੀਪ ਸਿੰਘ ਸਰਦੂਲਗੜ੍ਹ ਨੂੰ ਸਟੇਟ ਇੰਚਾਰਜ ਨਿਯੁਕਤ ਕੀਤੇ ਜਾਣ 'ਤੇ ਮੁਬਾਰਕਬਾਦ ਦਿੱਤੀ ਗਈ। ਸਮੂਹ ਲੀਡਰਸ਼ਿਪ ਨੇ ਇਹਨਾਂ ਨਿਯੁਕਤੀਆਂ ਲਈ ਭੈਣ ਕੁਮਾਰੀ ਮਾਇਆਵਤੀ ਜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਪਿੰਡ ਪੱਧਰ ਤੱਕ ਪਾਰਟੀ ਦੇ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਹੁਣ ਬਸਪਾ ਹੀ ਇੱਕਮਾਤਰ ਵਿਕਲਪ ਹੈ ਜੋ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਕੇ ਇੱਕ ਲੋਕ-ਪੱਖੀ ਸ਼ਾਸਨ ਦੇ ਸਕਦੀ ਹੈ। ਸਮੁੱਚੀ ਲੀਡਰਸ਼ਿਪ ਨੇ ਇੱਕਜੁੱਟ ਹੋ ਕੇ 2027 ਵਿੱਚ ਨੀਲਾ ਪਰਚਮ ਲਹਿਰਾਉਣ ਦਾ ਅਹਿਦ ਲਿਆ। ਮੀਟਿੰਗ ਵਿੱਚ ਡਾ. ਨਛੱਤਰ ਪਾਲ ਐੱਮ.ਐੱਲ.ਏ. ਨਵਾਂ ਸ਼ਹਿਰ, ਐਡਵੋਕੇਟ ਬਲਵਿੰਦਰ ਕੁਮਾਰ ਨੇ ਮੀਟਿੰਗ ਦਾ ਸੰਚਾਲਨ ਕੀਤਾ। ਮੀਟਿੰਗ ਦੇ ਪ੍ਰਬੰਧਾਂ ਨੂੰ ਇੰਜੀਨੀਅਰ ਜਸਵੰਤ ਰਾਏ ਅਤੇ ਪਰਮਜੀਤ ਮਲ, ਸਲਵਿੰਦਰ ਸਿੰਘ, ਦਵਿੰਦਰ ਗੋਗਾ ਅਤੇ ਹੋਰ ਲੀਡਰਸ਼ਿਪ ਨੇ ਦੇਖਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ