
ਪਟਿਆਲਾ, 08 ਮਈ (ਹਿੰ.ਸ.)। ਸੋਲਿਡ ਵੇਸਟ (ਕੂੜਾ ਪ੍ਰਬੰਧਨ) ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਦੇ ਉਦੇਸ਼ ਨਾਲ ਪੈਸਕੋ ਦੇ ਡੀ.ਜੀ.ਐਮ ਹਰਜੀਤ ਸਿੰਘ ਵੱਲੋਂ ਪੈਸਕੋ ਸੁਪਰਵਾਇਜਰਾਂ ਨਾਲ ਮਿਲ ਕੇ ਪੀ.ਐਮ.ਆਈ.ਡੀ.ਸੀ. ਵੱਲੋਂ ਚਲਾਈ ਜਾ ਰਹੀ ਏ.ਆਈ. ਟੈਕਨਾਲੋਜੀ ਨਾਲ ਲੈਸ ਡੈਸ਼ਬੋਰਡ ਪ੍ਰਣਾਲੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਸੁਪਰਵਾਇਜਰਾਂ ਨੂੰ ਐਪ ਦੇ ਸੁਚੱਜੇ ਪ੍ਰਯੋਗ ਅਤੇ ਮਾਨੀਟਰਿੰਗ ਪ੍ਰਕਿਰਿਆ ਸਬੰਧੀ ਵਿਸਥਾਰ ਨਾਲ ਸਿਖਲਾਈ ਵੀ ਦਿੱਤੀ ਗਈ।
ਡੀ.ਜੀ.ਐਮ. ਹਰਜੀਤ ਸਿੰਘ ਨੇ ਦੱਸਿਆ ਕਿ ਆਧੁਨਿਕ ਯੁੱਗ ਵਿੱਚ ਤਕਨਾਲੋਜੀ ਦੀ ਵਰਤੋਂ ਕਾਰਜ ਪ੍ਰਣਾਲੀ ਨੂੰ ਵਧੇਰੇ ਕੁਸ਼ਲ, ਪਾਰਦਰਸ਼ੀ ਅਤੇ ਜਵਾਬਦੇਹ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਏ.ਆਈ. ਆਧਾਰਿਤ ਇਹ ਡੈਸ਼ਬੋਰਡ ਦਫਤਰੀ ਅਤੇ ਫੀਲਡ ਪੱਧਰ ਦੇ ਕੰਮਾਂ ਦੀ ਨਿਗਰਾਨੀ ਨੂੰ ਹੋਰ ਸੁਧਾਰੇਗਾ ਅਤੇ ਕੂੜਾ ਪ੍ਰਬੰਧਨ ਪ੍ਰਣਾਲੀ ਵਿੱਚ ਗਤੀਸ਼ੀਲਤਾ ਲਿਆਉਣ ਵਿੱਚ ਸਹਾਇਕ ਸਾਬਤ ਹੋਵੇਗਾ।
ਉਨ੍ਹਾਂ ਨੇ ਸੁਪਰਵਾਇਜਰਾਂ ਨੂੰ ਨਵੀਂ ਤਕਨਾਲੋਜੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਣਾਉਣ ਅਤੇ ਮੈਦਾਨੀ ਪੱਧਰ ‘ਤੇ ਇਸਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਸਮੂਹ ਪੈਸਕੋ ਸੁਪਰਵਾਇਜਰ ਅਤੇ ਪਟਿਆਲਾ ਰੀਜਨ ਦੇ ਐਮ.ਆਈ.ਐਸ. ਐਕਸਪਰਟ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ