
ਮੋਹਾਲੀ, 08 ਮਈ (ਹਿੰ.ਸ.)| ਮੋਹਾਲੀ ਦੇ ਸਮਾਜ ਸੇਵੀ ਆਗੂ ਅਤੇ ਸਾਬਕਾ ਮਿਉਂਸਪਲ ਕੌਂਸਲਰ ਮੁਹਾਲੀ ਪਰਮਜੀਤ ਸਿੰਘ ਕਾਹਲੋਂ ਨੇ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫੇਜ਼ 7, ਮੁਹਾਲੀ ਦੀ ਮੋਟਰ ਮਾਰਕੀਟ ਨੂੰ ਸੈਕਟਰ 65 ਵਿਖੇ ਨਿਰਧਾਰਿਤ ਸਥਾਨ (ਪਿੰਡ ਕੰਬਾਲੀ ਨੇੜੇ) ਵਿੱਚ ਤਬਦੀਲ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ।
ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਲਿਖੇ ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਮੁਹਾਲੀ ਦੇ ਫੇਜ਼ 7 ਵਿੱਚ ਰਿਹਾਇਸ਼ੀ ਖੇਤਰਾਂ ਦੇ ਨੇੜੇ ਚੱਲ ਰਹੀ ਮੋਟਰ ਮਾਰਕੀਟ ਲਈ ਗਮਾਡਾ ਵਲੋਂ ਸੈਕਟਰ 65 ਵਿੱਚ (ਪਿੰਡ ਕੰਬਾਲੀ ਨੇੜੇ) ਕਈ ਸਾਲ ਪਹਿਲਾਂ ਜਗ੍ਹਾ ਅਲਾਟ ਕੀਤੀ ਜਾ ਚੁੱਕੀ ਹੈ ਪਰੰਤੂ ਇਸਦੇ ਬਾਵਜੂਦ ਅਜੇ ਤੱਕ ਮਾਰਕੀਟ ਨੂੰ ਉਥੇ ਸ਼ਿਫਟ ਨਹੀਂ ਕੀਤਾ ਗਿਆ। ਉਹਨਾਂ ਲਿਖਿਆ ਹੈ ਕਿ ਇਹ ਮਾਮਲਾ ਸਿੱਧੇ ਤੌਰ ’ਤੇ ਪ੍ਰਸ਼ਾਸਕੀ ਦੇਰੀ ਅਤੇ ਲਾਗੂ ਕਰਨ ਵਿੱਚ ਕਮੀ ਨੂੰ ਦਰਸਾਉਂਦਾ ਹੈ ਜਿਸ ਕਾਰਨ ਫੇਜ਼ 7 ਦੇ ਵਸਨੀਕਾਂ ਨੂੰ ਗੰਭੀਰ ਜਨਤਕ ਸਮੱਸਿਆ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ।
ਉਹਨਾਂ ਲਿਖਿਆ ਹੈ ਕਿ ਇਸ ਮੋਟਰ ਮਾਰਕੀਟ ਵਿੱਚ ਵਾਹਨਾਂ ਦੀ ਵਧਦੀ ਆਮਦ ਅਤੇ ਥਾਂ ਦੀ ਕਮੀ ਕਾਰਨ ਸਰਕਾਰੀ ਸੜਕਾਂ ਦਾ ਗੈਰ-ਕਾਨੂੰਨੀ ਤੌਰ ’ਤੇ ਪਾਰਕਿੰਗ ਅਤੇ ਮੁਰੰਮਤ ਲਈ ਇਸਤੇਮਾਲ ਹੋ ਰਿਹਾ ਹੈ, ਜਿਸ ਨਾਲ ਆਵਾਜਾਈ ਵਿੱਚ ਭਾਰੀ ਰੁਕਾਵਟ ਪੈਦਾ ਹੁੰਦੀ ਹੈ ਅਤੇ ਇੱਥੇ ਹਰ ਵੇਲੇ ਟ੍ਰੈਫਿਕ ਜਾਮ ਦੀ ਹਾਲਤ ਬਣੀ ਰਹਿੰਦੀ ਹੈ। ਉਹਨਾਂ ਲਿਖਿਆ ਹੈ ਕਿ ਲੋਕਾਂ ਦੇ ਦਫਤਰ ਜਾਣ ਅਤੇ ਆਉਣ ਅਤੇ ਬੱਚਿਆਂ ਦੇ ਸਕੂਲ ਜਾਣ ਅਤੇ ਪਰਤਣ ਦੇ ਸਮੇਂ ਇੱਥੇ ਟ੍ਰੈਫਿਕ ਦੀ ਭਾਰੀ ਸਮੱਸਿਆ ਪੇਸ਼ ਆਉਂਦੀ ਹੈ ਜਿਸ ਕਾਰਨ ਸਥਾਨਕ ਵਸਨੀਕ ਬੁਰੀ ਤਰ੍ਹਾਂ ਪਰੇਸ਼ਾਨ ਹੁੰਦੇ ਹਨ।
ਉਹਨਾਂ ਲਿਖਿਆ ਹੈ ਕਿ ਕੁਝ ਮਕੈਨਿਕਾਂ ਵੱਲੋਂ ਰਿਹਾਇਸ਼ੀ ਗਲੀਆਂ ਵਿੱਚਲੇ ਘਰਾਂ ਦੇ ਸਾਹਮਣੇ ਮੁਰੰਮਤ ਕਾਰਜ ਕੀਤੇ ਜਾਂਦੇ ਹਨ, ਜੋ ਕਿ ਜ਼ੋਨਿੰਗ ਨਿਯਮਾਂ ਦੀ ਉਲੰਘਣਾ ਹੈ ਅਤੇ ਕਾਨੂੰਨੀ ਤੌਰ ’ਤੇ ਗਲਤ ਹੈ। ਇਸ ਨਾਲ ਰਿਹਾਇਸ਼ੀ ਇਲਾਕਿਆਂ ਵਿੱਚ ਅਣਅਧਿਕਾਰਤ ਤੌਰ ’ਤੇ ਵਪਾਰਕ ਗਤੀਵਿਧੀਆਂ ਦਾ ਫੈਲਾਅ ਹੋ ਰਿਹਾ ਹੈ। ਗੱਡੀਆਂ ਦੀ ਮੁਰੰਮਤ ਕਾਰਜਾਂ ਕਾਰਨ ਸ਼ੋਰ ਪ੍ਰਦੂਸ਼ਣ ਫੈਲਦਾ ਹੈ ਜਿਸ ਕਾਰਨ ਜਨ ਸੁਰੱਖਿਆ ਅਤੇ ਜੀਵਨ ਮਿਆਰ ਹੇਠਾਂ ਆਉਂਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਸੈਕਟਰ 65 ਵਿੱਚ ਅਲਾਟ ਕੀਤੇ ਮੋਟਰ ਮਾਰਕੀਟ ਸਥਾਨ ਨੂੰ ਤੁਰੰਤ ਕਾਰਗਰ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਅਤੇ ਫੇਜ਼ 7 ਤੋਂ ਮੋਟਰ ਮਾਰਕੀਟ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਨਿਰਧਾਰਿਤ ਸਥਾਨ ਤੇ ਸ਼ਿਫਟ ਕਰਨ ਲਈ ਇੱਕ ਸਪਸ਼ਟ ਅਤੇ ਸਮਾਂਬੱਧ ਯੋਜਨਾ ਲਾਗੂ ਕੀਤੀ ਜਾਵੇ। ਸੜਕਾਂ ਤੇ ਗੈਰ-ਕਾਨੂੰਨੀ ਪਾਰਕਿੰਗ ਅਤੇ ਮੁਰੰਮਤ ਗਤੀਵਿਧੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਲਿਖਿਆ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਅਤੇ ਢੁਕਵੀਂ ਕਾਰਵਾਈ ਕੀਤੀ ਜਾਵੇ, ਵਰਨਾ ਉਹ ਮਜ਼ਬੂਰਨ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH