
ਮੋਹਾਲੀ, 08 ਮਈ (ਹਿੰ.ਸ.)| ਮੋਹਾਲੀ ਪੁਲਿਸ ਨੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 6 ਨਾਜਾਇਜ਼ ਹਥਿਆਰ ਅਤੇ ਵੱਖ-ਵੱਖ ਬੋਰ ਦੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਨੂੰ ਮੁੱਖਬਰੀ ਮਿਲੀ ਸੀ ਕਿ ਵਿਕਾਸ ਉਰਫ ਲੱਕੀ ਨਾਮਕ ਨੌਜਵਾਨ ਆਪਣੇ ਸਾਥੀਆਂ ਸਮੇਤ ਨਾਜਾਇਜ਼ ਹਥਿਆਰ ਰੱਖਦਾ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਥਾਣਾ ਸਦਰ ਖਰੜ੍ਹ ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਮੁਲਜ਼ਮ ਵਿਕਾਸ ਉਰਫ ਲੱਕੀ ਨੂੰ ਉਸਦੇ ਪਿੰਡ ਬਡਾਲ਼ੀ ਨੇੜੇ ਵਰਨਾ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸਦੇ ਹੋਰ ਸਾਥੀਆਂ ਅਨੀਸ਼ ਕੁਮਾਰ ਉਰਫ ਹਨੀ ਬੌਕਸਰ ਅਤੇ ਪ੍ਰਦੀਪ ਸਿੰਘ ਉਰਫ ਬਿੱਲੀ ਨੂੰ ਵੀ ਕਾਬੂ ਕਰਕੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ।
ਗ੍ਰਿਫਤਾਰ ਮੁਲਜ਼ਮਾਂ ਵਿੱਚ ਵਿਕਾਸ ਉਰਫ ਲੱਕੀ ਵਾਸੀ ਪਿੰਡ ਬਡਾਲ਼ੀ, ਅਨੀਸ਼ ਕੁਮਾਰ ਉਰਫ ਹਨੀ ਬੌਕਸਰ ਵਾਸੀ ਸੋਨੀਪਤ ਹਾਲ ਵਾਸੀ ਚੰਡੀਗੜ੍ਹ ਅਤੇ ਪ੍ਰਦੀਪ ਸਿੰਘ ਉਰਫ ਬਿੱਲੀ ਵਾਸੀ ਨਿਆਂ ਸ਼ਹਿਰ ਬਡਾਲ਼ਾ ਸ਼ਾਮਲ ਹਨ। ਪੁਲਿਸ ਮੁਤਾਬਕ ਵਿਕਾਸ ਅਤੇ ਅਨੀਸ਼ ਖ਼ਿਲਾਫ਼ ਪਹਿਲਾਂ ਵੀ ਨਾਜਾਇਜ਼ ਹਥਿਆਰਾਂ ਅਤੇ ਲੜਾਈ-ਝਗੜਿਆਂ ਦੇ ਮਾਮਲੇ ਦਰਜ ਹਨ, ਜਦਕਿ ਪ੍ਰਦੀਪ ਖ਼ਿਲਾਫ਼ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਇੱਕ ਹੋਰ ਦੋਸ਼ੀ ਸਾਜਨ ਵਾਸੀ ਧਨਾਸ, ਚੰਡੀਗੜ੍ਹ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਬਰਾਮਦਗੀ ਵਿੱਚ 3 ਪਿਸਟਲ .32 ਬੋਰ ਸਮੇਤ ਜਿੰਦਾ ਰੌਂਦ ਅਤੇ ਖਾਲੀ ਖੋਲ, ਇੱਕ ਪਿਸਟਲ .30 ਬੋਰ ਸਮੇਤ 7 ਜਿੰਦਾ ਰੌਂਦ, ਇੱਕ ਪਿਸਟਲ .45 ਬੋਰ ਅਤੇ ਇੱਕ .12 ਬੋਰ ਪਿਸਤੌਲ ਸਮੇਤ 2 ਜਿੰਦਾ ਕਾਰਤੂਸ ਸ਼ਾਮਲ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਤੋਂ ਵਰਨਾ ਕਾਰ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਮੇਰਠ, ਉੱਤਰ ਪ੍ਰਦੇਸ਼ ਤੋਂ ਲਿਆਂਦੇ ਗਏ ਸਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਹੋਰ ਸਾਥੀਆਂ ਦੀ ਗ੍ਰਿਫਤਾਰੀ ਬਾਕੀ ਹੈ ਅਤੇ ਹੋਰ ਨਾਜਾਇਜ਼ ਹਥਿਆਰ ਬਰਾਮਦ ਹੋਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH