
ਚੰਡੀਗੜ੍ਹ, 08 ਮਈ (ਹਿੰ.ਸ.)| ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਬੋਰਡ ਮੁਤਾਬਕ 10ਵੀਂ ਜਮਾਤ ਦਾ ਨਤੀਜਾ 11 ਮਈ ਨੂੰ ਜਾਰੀ ਕੀਤਾ ਜਾਵੇਗਾ, ਜਦਕਿ 12ਵੀਂ ਦਾ ਨਤੀਜਾ 13 ਮਈ ਨੂੰ ਐਲਾਨਿਆ ਜਾਵੇਗਾ। ਇਸ ਨਾਲ ਕਰੀਬ 5.49 ਲੱਖ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ ਹੋਵੇਗਾ।
ਵਿਦਿਆਰਥੀ ਆਪਣਾ ਰੋਲ ਨੰਬਰ ਅਤੇ ਨਾਮ ਦਰਜ ਕਰਕੇ ਪੀਐਸਈਬੀ ਦੀ ਅਧਿਕਾਰਿਕ ਵੈੱਬਸਾਈਟ ‘ਤੇ ਨਤੀਜੇ ਚੈਕ ਕਰ ਸਕਣਗੇ। ਸਿੱਖਿਆ ਵਿਭਾਗ ਵੱਲੋਂ ਨਤੀਜੇ ਜਾਰੀ ਕਰਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਇਸ ਸਾਲ 10ਵੀਂ ਦੀ ਪ੍ਰੀਖਿਆ ਵਿੱਚ ਕਰੀਬ 2.84 ਲੱਖ ਅਤੇ 12ਵੀਂ ਦੀ ਪ੍ਰੀਖਿਆ ਵਿੱਚ 2.65 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। 10ਵੀਂ ਦੀਆਂ ਪ੍ਰੀਖਿਆਵਾਂ 1 ਮਾਰਚ ਤੋਂ 1 ਅਪ੍ਰੈਲ ਤੱਕ ਹੋਈਆਂ ਸਨ, ਜਦਕਿ 12ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 4 ਅਪ੍ਰੈਲ ਤੱਕ ਕਰਵਾਈਆਂ ਗਈਆਂ ਸਨ।
ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ 9549-161-161 ਵੀ ਜਾਰੀ ਕੀਤਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਜੇਕਰ ਕਿਸੇ ਦੇ ਘੱਟ ਅੰਕ ਆਉਂਦੇ ਹਨ ਜਾਂ ਉਹ ਅਸਫਲ ਰਹਿੰਦੇ ਹਨ ਤਾਂ ਉਹ ਨਿਰਾਸ਼ ਨਾ ਹੋਣ।
ਡਾ. ਅਮਰਪਾਲ ਸਿੰਘ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਮਾਰਕਸ਼ੀਟ ਜੀਵਨ ਦੀ ਅੰਤਿਮ ਸਫਲਤਾ ਦਾ ਮਾਪਦੰਡ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੇ ਨਤੀਜੇ ਸਿਰਫ਼ ਜੀਵਨ ਦੇ ਅਗਲੇ ਪੜਾਅ ਵੱਲ ਇੱਕ ਕਦਮ ਹੁੰਦੇ ਹਨ। ਵਿਦਿਆਰਥੀਆਂ ਨੂੰ ਆਪਣੀ ਮਿਹਨਤ ‘ਤੇ ਭਰੋਸਾ ਰੱਖਣ ਅਤੇ ਹਰ ਹਾਲਤ ਵਿੱਚ ਹੌਸਲਾ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
ਪਿਛਲੇ ਸਾਲ ਪੀਐਸਈਬੀ ਨੇ 10ਵੀਂ ਦਾ ਨਤੀਜਾ 16 ਮਈ ਨੂੰ ਜਾਰੀ ਕੀਤਾ ਸੀ, ਜਿਸ ਵਿੱਚ ਕੁੱਲ ਪਾਸ ਪ੍ਰਤੀਸ਼ਤ 95.61 ਫੀਸਦੀ ਰਿਹਾ ਸੀ। ਮੁੰਡਿਆਂ ਦਾ ਪਾਸ ਪ੍ਰਤੀਸ਼ਤ 94.50 ਫੀਸਦੀ ਅਤੇ ਕੁੜੀਆਂ ਦਾ 96.85 ਫੀਸਦੀ ਦਰਜ ਕੀਤਾ ਗਿਆ ਸੀ।
ਉੱਥੇ ਹੀ 12ਵੀਂ ਜਮਾਤ ਦਾ ਨਤੀਜਾ 14 ਮਈ ਨੂੰ ਐਲਾਨਿਆ ਗਿਆ ਸੀ। ਕੁੱਲ 2,65,388 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 2,41,506 ਵਿਦਿਆਰਥੀ ਪਾਸ ਹੋਏ ਸਨ। ਕੁੱਲ ਪਾਸ ਪ੍ਰਤੀਸ਼ਤ 91 ਫੀਸਦੀ ਰਿਹਾ ਸੀ।
ਹਿੰਦੂਸਥਾਨ ਸਮਾਚਾਰ / GURSHARAN SINGH