
ਤਰਨ ਤਾਰਨ, 08 ਮਈ (ਹਿੰ.ਸ.)। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਡਰ 23 ਮੁੰਡਿਆਂ ਦੇ ਇੱਕ ਦਿਨਾਂ ਕ੍ਰਿਕਟ ਟੂਰਨਾਮੈਂਟ ਵਿੱਚ ਤਰਨ ਤਾਰਨ ਦੀ ਕ੍ਰਿਕਟ ਟੀਮ ਫਾਈਨਲ ਵਿੱਚ ਪਹੁੰਚ ਗਈ ਹੈ, ਜਿੱਥੇ ਉਸਦਾ ਸਾਹਮਣਾ ਪਟਿਆਲਾ ਜ਼ਿਲ੍ਹੇ ਦੀ ਟੀਮ ਨਾਲ ਹੋਵੇਗਾ। ਤਰਨ ਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਭੇਜੀਤ ਸਿੰਘ ਸੰਧੂ, ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਐਸੋਸੀਏਸ਼ਨ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਅਜੇ ਸਿਰਫ ਦੂਜਾ ਸਾਲ ਹੀ ਹੋਇਆ ਹੈ ਅਤੇ ਤਰਨ ਤਾਰਨ ਕ੍ਰਿਕਟ ਟੀਮ ਸਟੇਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈ ਹੈ।
ਮੈਚ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਟੇਡੀਅਮ ਮੁੱਲਾਂਪੁਰ ਵਿਖੇ ਹੋਏ ਇਸ ਮੈਚ ਵਿੱਚ ਮੁਕਤਸਰ ਦੇ ਜ਼ਿਲ੍ਹੇ ਦੀ ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਨੂੰ ਚੁਣਿਆ ਅਤੇ ਤਰਨ ਤਾਰਨ ਕ੍ਰਿਕਟ ਐਸੋਸੀਏਸ਼ਨ ਨੇ ਸ਼ਾਨਦਾਰ ਬੱਲੇਬਾਜੀ ਕਰਦਿਆਂ 50 ਓਵਰਾਂ ਵਿੱਚ ਅੱਠ ਵਿਕਟਾਂ ਤੇ 338 ਦੌੜਾਂ ਬਣਾਈਆਂ। ਇਸ ਵਿੱਚ ਬੱਲੇਬਾਜ਼ ਇਮਰੋਜ਼ਪ੍ਰੀਤ ਨੇ 168, ਅਨੀਕੇਤ ਸਿੰਘ ਨੇ 54 ਅਤੇ ਗਣੇਸ਼ ਨੇ 41 ਦੌੜਾਂ ਦਾ ਯੋਗਦਾਨ ਪਾਇਆ। ਇਨ੍ਹਾਂ ਦੌੜਾਂ ਦਾ ਪਿੱਛਾ ਕਰਨ ਨੂੰ ਉਤਰੀ ਮੁਕਤਸਰ ਦੀ ਟੀਮ ਨੇ ਕਾਫੀ ਸਖ਼ਤ ਟੱਕਰ ਦਿੱਤੀ ਪਰ ਤਰਨ ਤਰਨ ਜ਼ਿਲ੍ਹੇ ਦੀ ਗੇਂਦਬਾਜ਼ਾਂ ਵੱਲੋਂ ਸਦੀ ਹੋਈ ਗੇਂਦਬਾਜੀ ਦੀ ਬਦੌਲਤ ਮੁਕਤਸਰ ਦੀ ਟੀਮ 296 ਦੌੜਾਂ ਹੀ ਬਣਾ ਸਕੀ ਅਤੇ 42 ਦੌੜਾਂ ਨਾਲ ਇਹ ਮੈਚ ਹਾਰ ਗਈ ।
ਤਰਨ ਤਾਰਨ ਵੱਲੋਂ ਸਫਲ ਗੇਂਦਬਾਜ਼ ਸੁਖਚੈਨ ਸਿੰਘ ਨੇ ਤਿੰਨ, ਅਮਰਵੀਰ ਲਹਿਲ ਤੇ ਦਰਸ਼ਪ੍ਰੀਤ ਨੇ ਦੋ ਦੋ ਵਿਕਟਾਂ ਲਈਆਂ। ਇਸ ਜਿੱਤ ਦਾ ਸਿਹਰਾ ਜਿੱਥੇ ਹੈਡ ਕੋਚ ਲਵਪ੍ਰੀਤ ਸਿੰਘ ਨੂੰ ਜਾਂਦਾ ਹੈ, ਉੱਥੇ ਟੀਮ ਦੇ ਕੋਚ ਸਰਤਾਜ ਸਿੰਘ ਅਤੇ ਪੂਰੀ ਟੀਮ ਨੇ ਪੂਰੇ ਟੂਰਨਾਮੈਂਟ ਹੀ ਵਿੱਚ ਹੀ ਬਹੁਤ ਵਧੀਆ ਕ੍ਰਿਕਟ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ’ਤੇ ਤਰਨ ਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਡਾ. ਕੁਲਦੀਪ ਸਿੰਘ, ਜੁਆਇੰਟ ਸੈਕਟਰੀ ਰੋਜ਼ ਦੀਪ ਸਿੰਘ, ਸ਼ੇਰ ਜੰਗ ਸਿੰਘ ਹੁੰਦਲ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ