
ਫਰੀਦਕੋਟ, 09 ਮਈ (ਹਿੰ.ਸ.)| ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ 4 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਜੇਲ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਭੇਜ ਕੇ 5 ਹਵਾਲਾਤੀਆਂ ਖਿਲਾਫ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰਵਾਇਆ ਹੈ।
ਜੇਲ੍ਹ ਦੇ ਸਹਾਇਕ ਜੇਲ੍ਹ ਸੁਪਰਡੈਂਟ ਕਰਮਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਿੰਟੈਂਡੈਂਟ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਰਾਤ ਜੇਲ੍ਹ ਕਰਮਚਾਰੀਆਂ ਦੀ ਟੀਮ ਨੇ ਵੱਖ-ਵੱਖ ਬੈਰਕਾਂ ਵਿੱਚ ਅਚਾਨਕ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਬਠਿੰਡਾ ਦੇ ਰਹਿਣ ਵਾਲੇ ਦਲੇਰ ਸਿੰਘ, ਫਾਜ਼ਿਲਕਾ ਦੇ ਜਸ਼ਨਪ੍ਰੀਤ ਸਿੰਘ, ਮੋਗਾ ਦੇ ਅਮਰਜੀਤ ਸਿੰਘ, ਦਿਲਬਾਗ ਸਿੰਘ ਅਤੇ ਹਰਜੀਤ ਸਿੰਘ ਕੋਲੋਂ 4 ਮੋਬਾਈਲ ਫੋਨ ਬਰਾਮਦ ਹੋਏ।
ਥਾਣਾ ਸਿਟੀ ਫਰੀਦਕੋਟ ਪੁਲਿਸ ਨੇ ਉਕਤ ਪੰਜਾਂ ਹਵਾਲਾਤੀਆਂ ਖਿਲਾਫ ਜੇਲ੍ਹ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਅਤੇ ਜੇਲ੍ਹ ਇਨਵੈਸਟੀਗੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਗੁਰਪਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਜੇਲ੍ਹ ਦੇ ਅੰਦਰ ਮੋਬਾਈਲ ਫੋਨ ਕਿਵੇਂ ਪਹੁੰਚੇ। ਜੇ ਕਿਸੇ ਜੇਲ੍ਹ ਅਧਿਕਾਰੀ ਜਾਂ ਕਰਮਚਾਰੀ ਦੀ ਸਾਂਝ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH