
ਚੰਡੀਗੜ੍ਹ, 09 ਮਈ (ਹਿੰ.ਸ.)| ਚੰਡੀਗੜ੍ਹ ਸ਼ਹਿਰ ਵਿੱਚ ਹੁਣ ਖੁੱਲ੍ਹੇ ਵਿੱਚ ਪੇਸ਼ਾਬ ਕਰਨਾ ਲੋਕਾਂ ਨੂੰ ਮਹਿੰਗਾ ਪੈ ਸਕਦਾ ਹੈ। ਨਗਰ ਨਿਗਮ ਵੱਲੋਂ ਸਾਲਿਡ ਵੈਸਟ ਮੈਨੇਜਮੈਂਟ ਬਾਇਲਾਜ਼-2018 ਵਿੱਚ ਵੱਡਾ ਸੋਧ ਕਰਦਿਆਂ ਓਪਨ ਡਿਫਿਕੇਸ਼ਨ ਅਤੇ ਓਪਨ ਯੂਰੀਨੇਸ਼ਨ ਨੂੰ ਲਿਟਰਿੰਗ (ਗੰਦਗੀ ਫੈਲਾਉਣ) ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਮੁਤਾਬਕ ਜੇ ਕੋਈ ਵਿਅਕਤੀ ਖੁੱਲ੍ਹੇ ਵਿੱਚ ਪੇਸ਼ਾਬ ਕਰਦਾ ਪਾਇਆ ਗਿਆ ਤਾਂ ਉਸ ‘ਤੇ 10 ਹਜ਼ਾਰ ਰੁਪਏ ਤੱਕ ਜੁਰਮਾਨਾ ਲੱਗ ਸਕਦਾ ਹੈ। ਇਹ ਫੈਸਲਾ ਸਵੱਛ ਸਰਵੇਖਣ-2025 ਦੀਆਂ ਹਦਾਇਤਾਂ ਤਹਿਤ ਲਿਆ ਗਿਆ ਹੈ, ਜਿਸਦਾ ਮਕਸਦ ਸ਼ਹਿਰ ਦੀ ਸਫ਼ਾਈ ਅਤੇ ਸਿਹਤ ਮਾਪਦੰਡਾਂ ਨੂੰ ਬਿਹਤਰ ਬਣਾਉਣਾ ਹੈ।
ਨਗਰ ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਖੁੱਲ੍ਹੇ ਵਿੱਚ ਪੇਸ਼ਾਬ ਕਰਨਾ ਹੁਣ ਐਸਡਬਲਉਐਮ ਬਾਇਲਾਜ਼ ਦੀ ਕਲੌਜ਼ 4(49) ਤਹਿਤ ਅਪਰਾਧ ਮੰਨਿਆ ਜਾਵੇਗਾ। ਇਸਨੂੰ ਲਿਟਰਿੰਗ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਸ ਤਹਿਤ ਸਿੱਧਾ ਚਲਾਨ ਅਤੇ ਜੁਰਮਾਨਾ ਲੱਗੇਗਾ। ਨਿਗਮ ਦੇ ਇੰਸਪੈਕਟਰ ਅਤੇ ਫੀਲਡ ਸਟਾਫ ਵੱਲੋਂ ਇਨ੍ਹਾਂ ਮਾਮਲਿਆਂ ‘ਤੇ ਨਿਗਰਾਨੀ ਰੱਖੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਦੀ ਫੋਟੋਗ੍ਰਾਫੀ ਵੀ ਕੀਤੀ ਜਾਵੇਗੀ।
ਨਿਯਮ ਤੋੜਨ ਵਾਲਿਆਂ ‘ਤੇ ਕੁੱਲ 10 ਹਜ਼ਾਰ ਰੁਪਏ ਦੀ ਪੈਨਲਟੀ ਲੱਗੇਗੀ, ਜਿਸ ਵਿੱਚ 500 ਰੁਪਏ ਫਾਈਨ ਅਤੇ 9,500 ਰੁਪਏ ਐਡਮਿਨਿਸਟ੍ਰੇਟਿਵ ਚਾਰਜ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ ਇਹ ਕਦਮ ਲੋਕਾਂ ਨੂੰ ਖੁੱਲ੍ਹੇ ਵਿੱਚ ਪੇਸ਼ਾਬ ਅਤੇ ਸ਼ੌਚ ਕਰਨ ਤੋਂ ਰੋਕਣ ਲਈ ਚੁੱਕਿਆ ਗਿਆ ਹੈ।
ਚੰਡੀਗੜ੍ਹ ਵਿੱਚ ਇਸ ਵੇਲੇ 300 ਤੋਂ ਵੱਧ ਪਬਲਿਕ ਅਤੇ ਕਮਿਊਨਿਟੀ ਟੌਇਲਟ ਚੱਲ ਰਹੇ ਹਨ, ਜੋ ਬਾਜ਼ਾਰਾਂ, ਪਾਰਕਾਂ, ਗ੍ਰੀਨ ਬੈਲਟ ਅਤੇ ਕਾਲੋਨੀਆਂ ਵਿੱਚ ਸਥਿਤ ਹਨ। ਇਨ੍ਹਾਂ ਟੌਇਲਟਾਂ ‘ਤੇ QR ਕੋਡ ਵੀ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਲੋਕ ਸਫ਼ਾਈ, ਪਾਣੀ ਜਾਂ ਮੁਰੰਮਤ ਸਬੰਧੀ ਸ਼ਿਕਾਇਤ ਦਰਜ ਕਰ ਸਕਦੇ ਹਨ। ਕਈ ਟੌਇਲਟਾਂ ਨੂੰ ਆਨਲਾਈਨ ਮੈਪ ਨਾਲ ਵੀ ਜੋੜਿਆ ਗਿਆ ਹੈ, ਤਾਂ ਜੋ ਲੋਕ ਆਸਾਨੀ ਨਾਲ ਉਨ੍ਹਾਂ ਨੂੰ ਲੱਭ ਸਕਣ।
ਹਿੰਦੂਸਥਾਨ ਸਮਾਚਾਰ / GURSHARAN SINGH