
ਮੋਹਾਲੀ, 09 ਮਈ (ਹਿੰ.ਸ.)| ਸੀ ਐਮ ਦੀ ਯੋਗਸ਼ਾਲਾ” ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਲਗਾਈਆਂ ਜਾ ਰਹੀਆਂ ਮੁਫ਼ਤ ਯੋਗਾ ਕਲਾਸਾਂ ਆਮ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਐੱਸ.ਡੀ.ਐਮ. ਖਰੜ ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਬਣਾਈ ਰੱਖਣ ਲਈ ਸ਼ੁਰੂ ਕੀਤੀਆਂ ਗਈਆਂ ਮੁਫ਼ਤ ਯੋਗਾ ਕਲਾਸਾਂ ਬਹੁਤ ਹੀ ਸਰਾਹਣਯੋਗ ਉਪਰਾਲਾ ਹਨ।
ਉਨ੍ਹਾਂ ਕਿਹਾ ਕਿ “ਸੀ ਐਮ ਦੀ ਯੋਗਸ਼ਾਲਾ” ਦਾ ਮੁੱਖ ਮਕਸਦ ਯੋਗਾ ਰਾਹੀਂ ਲੋਕਾਂ ਨੂੰ ਨਿਰੋਗ ਅਤੇ ਤਣਾਅ-ਮੁਕਤ ਜੀਵਨ ਵੱਲ ਪ੍ਰੇਰਿਤ ਕਰਨਾ ਹੈ। ਇਸ ਸਕੀਮ ਤਹਿਤ ਲੋਕਾਂ ਨੂੰ ਆਪਣੇ ਇਲਾਕਿਆਂ ਵਿੱਚ ਹੀ ਮਾਹਿਰ ਯੋਗਾ ਟ੍ਰੇਨਰਾਂ ਦੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਖਰੜ ਵਿਖੇ ਯੋਗਾ ਕਲਾਸਾਂ ਚਲਾ ਰਹੀ ਟ੍ਰੇਨਰ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਖਰੜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 6 ਯੋਗਾ ਕਲਾਸਾਂ ਲਗਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਕਲਾਸ ਨੇਚਰ ਹਟ-2 ਵਿਖੇ ਸਵੇਰੇ 4:45 ਤੋਂ 5:45 ਵਜੇ ਤੱਕ, ਦੂਜੀ ਕਲਾਸ ਦਰਪਨ ਸਿਟੀ, ਪਾਰਟ ਲੇਨ-2 ਵਿਖੇ ਸਵੇਰੇ 5:45 ਤੋਂ 6:45 ਵਜੇ ਤੱਕ, ਤੀਜੀ ਕਲਾਸ ਸਰਾਭਾ ਨਗਰ, ਅਨਾਜ ਮੰਡੀ ਰੋਡ ਨੇੜੇ ਸਵੇਰੇ 7:05 ਤੋਂ 8:05 ਵਜੇ ਤੱਕ ਅਤੇ ਚੌਥੀ ਕਲਾਸ ਸ਼ਿਵ ਮੰਦਰ, ਪਿੰਡ ਬਡਾਲੀ ਵਿਖੇ ਸਵੇਰੇ 8:15 ਤੋਂ 9:15 ਵਜੇ ਤੱਕ ਲਗਾਈ ਜਾਂਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਵੀਂ ਕਲਾਸ ਨਿਰਵਾਣਾ ਗਰੀਨ ਸੁਸਾਇਟੀ, ਖਾਨਪੁਰ ਵਿਖੇ ਸਵੇਰੇ 9:30 ਤੋਂ 10:30 ਵਜੇ ਤੱਕ ਅਤੇ ਛੇਵੀਂ ਕਲਾਸ ਗਾਰਡਨ ਕਾਲੋਨੀ, ਖਰੜ ਵਿਖੇ ਸ਼ਾਮ 5:25 ਤੋਂ 6:25 ਵਜੇ ਤੱਕ ਲਗਾਈ ਜਾਂਦੀ ਹੈ।
ਇਸ ਮੌਕੇ ਹਾਜ਼ਰ ਲੋਕਾਂ ਨੇ ਪੰਜਾਬ ਸਰਕਾਰ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ “ਸੀ ਐਮ ਦੀ ਯੋਗਸ਼ਾਲਾ” ਰਾਹੀਂ ਉਨ੍ਹਾਂ ਨੂੰ ਆਪਣੇ ਇਲਾਕਿਆਂ ਵਿੱਚ ਹੀ ਯੋਗਾ ਸਿੱਖਣ ਦਾ ਮੌਕਾ ਮਿਲ ਰਿਹਾ ਹੈ, ਜਿਸ ਨਾਲ ਉਹ ਯੋਗ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾ ਰਹੇ ਹਨ।
ਟ੍ਰੇਨਰ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਲਾਸਾਂ ਵਿੱਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਵੱਲੋਂ ਭਰਪੂਰ ਉਤਸ਼ਾਹ ਨਾਲ ਭਾਗ ਲਿਆ ਜਾ ਰਿਹਾ ਹੈ। ਯੋਗ ਆਸਨਾਂ ਅਤੇ ਪ੍ਰਾਣਾਯਾਮ ਰਾਹੀਂ ਲੋਕਾਂ ਨੂੰ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਵੀ ਪ੍ਰਾਪਤ ਹੋ ਰਹੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਸਿਰਫ਼ ਇੱਕ ਫ਼ੋਨ ਕਾਲ ਰਾਹੀਂ ਯੋਗਾ ਟ੍ਰੇਨਰ ਦੀਆਂ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ। ਇਸ ਲਈ ਫ਼ੋਨ ਨੰਬਰ 76694-00500 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ www.cmdiyogshala.punjab.gov.in ’ਤੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਇਹ ਸੇਵਾਵਾਂ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH