
ਪਟਿਆਲਾ , 09 ਮਈ (ਹਿੰ.ਸ.)| ਪਟਿਆਲਾ ਤੋਂ ਦੇਵੀਗੜ੍ਹ ਰਾਹੀਂ ਪੇਹੋਵਾ ਜਾਣ ਵਾਲੀ ਮੁੱਖ ਸੜਕ ਦੇ ਕਿਨਾਰੇ ਵਣ ਵਿਭਾਗ ਵੱਲੋਂ ਲਗਾਏ ਗਏ ਸੈਂਕੜੇ ਦਰੱਖਤ, ਬੂਟੇ ਅਤੇ ਝਾੜੀਆਂ ਨੂੰ ਲੱਗੀ ਅੱਗ ਦੀ ਚਪੇਟ ਵਿੱਚ ਆ ਕੇ ਸੜ ਕੇ ਨਸ਼ਟ ਹੋ ਗਏ। ਇਹ ਬੂਟੇ ਸਰਕਾਰ ਦੇ ਹਰਿਆਵਲੀ ਵਧਾਉਣ ਅਤੇ ਵਾਤਾਵਰਣ ਸੰਰੱਖਣ ਅਭਿਆਨ ਤਹਿਤ ਲਗਾਏ ਗਏ ਸਨ। ਜਾਣਕਾਰੀ ਮੁਤਾਬਕ, ਇਨ੍ਹਾਂ ਪੌਦਿਆਂ ਦੀ ਦੇਖਭਾਲ ਲਈ ਵਣ ਵਿਭਾਗ ਵੱਲੋਂ ਗਾਰਡਾਂ ਅਤੇ ਹੋਰ ਕਰਮਚਾਰੀਆਂ ਦੀ ਤੈਨਾਤੀ ਵੀ ਕੀਤੀ ਗਈ ਸੀ। ਇਸ ਦੇ ਬਾਵਜੂਦ ਸੜਕ ਕਿਨਾਰੇ ਕਈ ਥਾਵਾਂ ‘ਤੇ ਸਾਰਾ ਦਿਨ ਅੱਗ ਲੱਗੀ ਰਹੀ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਅੱਗ ਲੰਬੇ ਸਮੇਂ ਤੱਕ ਧਧਕਦੀ ਰਹੀ ਪਰ ਵਣ ਵਿਭਾਗ ਦੇ ਅਧਿਕਾਰੀ ਦੇਰ ਦੁਪਹਿਰ ਤੱਕ ਮੌਕੇ ‘ਤੇ ਨਹੀਂ ਪਹੁੰਚੇ।
ਅੱਗ ਕਾਰਨ ਸੜਕ ਕਿਨਾਰੇ ਵੱਡੇ ਖੇਤਰ ਵਿੱਚ ਲੱਗੇ ਬੂਟੇ ਅਤੇ ਝਾੜੀਆਂ ਸੜ੍ਹ ਗਈਆਂ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਵਣ ਵਿਭਾਗ ‘ਤੇ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਤਾਂ ਇੰਨਾ ਵੱਡਾ ਨੁਕਸਾਨ ਟਾਲਿਆ ਜਾ ਸਕਦਾ ਸੀ।
ਵਣ ਰੱਖਿਆ ਕਰਮੀ ਬਿੱਟੂ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਕੋਲ ਡਬਲ ਚਾਰਜ ਦੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਦੇ ਅਧੀਨ ਇਲਾਕਾ ਕਾਫ਼ੀ ਵੱਡਾ ਹੈ। ਇਸ ਕਾਰਨ ਹਰ ਥਾਂ ਤੁਰੰਤ ਨਿਗਰਾਨੀ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ, ਵਿਭਾਗ ਵੱਲੋਂ ਅੱਗ ਬੁਝਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਉੱਥੇ ਹੀ ਡਿਵੀਜ਼ਨਲ ਫਾਰੈਸਟ ਅਫ਼ਸਰ ਸਤਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਟੀਮ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ‘ਤੇ ਕਾਬੂ ਪਾਉਣ ਲਈ ਯਤਨ ਜਾਰੀ ਹਨ ਅਤੇ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਵਾਤਾਵਰਣ ਪ੍ਰੇਮੀਆਂ ਅਤੇ ਸਥਾਨਕ ਲੋਕਾਂ ਨੇ ਮਾਮਲੇ ਦੀ ਜਾਂਚ ਕਰਨ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH