
ਮੋਹਾਲੀ, 09 ਮਈ (ਹਿੰ.ਸ.)| ਕ੍ਰਿਸ਼ੀ ਵਿਗਿਆਨ ਕੇਂਦਰ, ਐੱਸ.ਏ.ਐੱਸ. ਨਗਰ (ਮੋਹਾਲੀ),ਵਲੋਂ ਡਿਪਟੀ ਡਾਇਰੈਕਟਰ, ਡਾ. ਬਲਬੀਰ ਸਿੰਘ ਖੱਦਾ ਦੀ ਅਗਵਾਈ ਹੇਠ ਆਤਮਾ ਪ੍ਰੋਜੈਕਟ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮੋਹਾਲੀ ਦੇ ਸਹਿਯੋਗ ਨਾਲ ‘ਦੁਧਾਰੂ ਪਸ਼ੂਆਂ ਦਾ ਪੋਸ਼ਣ ਪ੍ਰਬੰਧ’ ਵਿਸ਼ੇ 'ਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਪਸ਼ੂ ਪਾਲਕਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੌਰਾਨ ਜ਼ਿਲ੍ਹੇ ਦੇ ਚੁਣੇ ਹੋਏ 20 ਕਿਸਾਨਾਂ ਨੂੰ ਆਤਮਾ ਪ੍ਰੋਜੈਕਟ, ਐੱਸ.ਏ.ਐੱਸ. ਨਗਰ, ਮੋਹਾਲੀ ਤਹਿਤ ਧਾਤਾਂ ਦਾ ਚੂਰਾ ਅਤੇ ਪਰੀਮਿਕਸ ਵੰਡਿਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ.ਸੁਖਜਿੰਦਰ ਸਿੰਘ ਬਾਜਵਾ, ਮੁੱਖ ਖੇਤੀਬਾੜੀ ਅਫਸਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮੋਹਾਲੀ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਨਵੀਆਂ ਤਕਨੀਕਾਂ ਨਾਲ ਪਸ਼ੂ ਪਾਲਣ ਦੀ ਸਲਾਹ ਦਿੱਤੀ।ਡਾ. ਬਲਬੀਰ ਸਿੰਘ ਖੱਦਾ ਨੇ ਪਸ਼ੂ ਪਾਲਕਾਂ ਨੂੰ ਦੁਧਾਰੂ ਪਸ਼ੂਆਂ ਨੂੰ ਸੰਤੁਲਿਤ ਅਹਾਰ ਅਤੇ ਮਿਨਰਲ ਮਿਕਸਚਰ ਤੋਂ ਹੋਣ ਵਾਲੇ ਲਾਭ ਬਾਰੇ ਦੱਸਿਆ। ਡਾ. ਕੋਮਲ ਨੇ ਦੁਧਾਰੂ ਪਸ਼ੂਆਂ ਦੀ ਦੇਖਭਾਲ ਅਤੇ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਕਿਸਾਨ ਰਾਜਿੰਦਰ ਸਿੰਘ, ਸਾਬਕਾ ਸਰਪੰਚ ਮੱਠੇਆੜਾ ਅਤੇ ਗੁਰਚਰਨਜੀਤ ਸਿੰਘ ਨੇ ਖੇਤੀ ਅਤੇ ਪਸ਼ੂ ਪਾਲਣ ਦੀਆਂ ਨਵੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਐੱਸ.ਏ.ਐੱਸ. ਨਗਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦਾ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ / GURSHARAN SINGH