
ਚੰਡੀਗੜ੍ਹ, 09 ਮਈ (ਹਿੰ.ਸ.)| ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹੁਣ ਕੇਜਰੀਵਾਲ ਦੇ ਰੂਪ ਵਿੱਚ “ਦੂਜਾ ਅਹਿਮਦ ਸ਼ਾਹ ਅਬਦਾਲੀ” ਵੇਖ ਲਿਆ ਹੈ, ਜੋ ਸਿਰਫ਼ ਪੰਜਾਬ ਨੂੰ ਲੁੱਟਣ ਲਈ ਇੱਥੇ ਆਇਆ ਹੈ। ਉਹ ਚੰਡੀਗੜ੍ਹ ਸਥਿਤ ਭਾਜਪਾ ਪੰਜਾਬ ਦੇ ਸੂਬਾ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਬਿੱਟੂ ਨੇ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਹਮੇਸ਼ਾ ਮੁਗਲਾਂ ਅਤੇ ਹਮਲਾਵਰਾਂ ਦੀ ਯਾਦ ਆਉਂਦੀ ਹੈ ਕਿਉਂਕਿ ਉਹਨਾਂ ਦੀ ਕਾਰਗੁਜ਼ਾਰੀ ਵੀ ਉਸੇ ਤਰ੍ਹਾਂ ਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਸੂਬੇ ਨੂੰ “ਏਟੀਐਮ” ਬਣਾਇਆ ਹੋਇਆ ਹੈ ਅਤੇ ਆਪ ਦੇ ਮੰਤਰੀ, ਵਿਧਾਇਕ ਅਤੇ ਅਧਿਕਾਰੀ ਲਗਾਤਾਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਘਿਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਤਾਂ ਉਹ ਆਪਣੇ ਆਪ ਨੂੰ ਇਮਾਨਦਾਰੀ ਦਾ ਪ੍ਰਤੀਕ ਦੱਸਦੇ ਸਨ, ਪਰ ਅੱਜ ਕਈ ਮੰਤਰੀ ਅਤੇ ਨੇਤਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਹਨ। ਬਿੱਟੂ ਨੇ ਕਿਹਾ ਕਿ ਜਿਨ੍ਹਾਂ ਮੰਤਰੀਆਂ ਨੂੰ ਆਪ ਸਰਕਾਰ ਨੇ ਖੁਦ ਹਟਾਇਆ, ਉਹਨਾਂ ਦੀ ਸੂਚੀ ਹੀ ਸਰਕਾਰ ਦੇ ਅੰਦਰਲੇ ਭ੍ਰਿਸ਼ਟਾਚਾਰ ਦੀ ਗਵਾਹ ਹੈ।
ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਬਿੱਟੂ ਨੇ ਕਿਹਾ ਕਿ ਉਹ ਪੰਜਾਬ ਦੇ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਸਾਬਤ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਾਨ ਆਪਣੀ ਹੀ ਪਾਰਟੀ ਦੇ ਆਗੂਆਂ ਅਤੇ ਮੰਤਰੀਆਂ ਖ਼ਿਲਾਫ਼ ਕੇਸ ਦਰਜ ਕਰਵਾ ਕੇ ਦਬਾਅ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਸਮੇਤ ਕਈ ਆਗੂਆਂ ਨੂੰ ਸਿਆਸੀ ਤੌਰ ‘ਤੇ ਕਮਜ਼ੋਰ ਕਰਨ ਲਈ ਕੇਸਾਂ ਦੀ ਵਰਤੋਂ ਕੀਤੀ ਗਈ।
ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ “ਆਪ” ਦੀ ਨਾਟਕਬਾਜ਼ੀ ਤੋਂ ਤੰਗ ਆ ਚੁੱਕੇ ਹਨ ਅਤੇ ਸਰਕਾਰ ਤੋਂ ਕੰਮ ਦਾ ਹਿਸਾਬ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਭਾਸ਼ਣਬਾਜ਼ੀ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਵਿਕਾਸ ‘ਤੇ ਧਿਆਨ ਦੇਣਾ ਚਾਹੀਦਾ ਹੈ।
ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਨਾਲ ਕੋਈ ਭਾਵਨਾਤਮਕ ਜਾਂ ਸੱਭਿਆਚਾਰਕ ਰਿਸ਼ਤਾ ਨਹੀਂ ਹੈ, ਸਗੋਂ ਸਿਰਫ਼ ਸਿਆਸੀ ਲਾਭ ਦਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਿੱਖ ਭਾਈਚਾਰੇ ਦਾ ਮਾਣ ਦੇਸ਼ ਭਰ ਵਿੱਚ ਵਧਿਆ ਹੈ।
ਬਿੱਟੂ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਸਾਰੇ ਵੱਡੇ ਮਸਲਿਆਂ ਜਿਵੇਂ ਚੰਡੀਗੜ੍ਹ, ਪੰਜਾਬ ਦੇ ਪਾਣੀਆਂ, ਬੀਬੀਐੰਬੀ ਅਤੇ ਬੰਦੀ ਸਿੱਖਾਂ ਦੇ ਮਸਲੇ ਦਾ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਦਾ ਮਨ ਬਣਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਨੂੰ ਮਜ਼ਬੂਤ ਸਮਰਥਨ ਮਿਲੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH