
ਚੰਡੀਗੜ੍ਹ, 09 ਮਈ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਈਡੀ ਸਬੰਧੀ ਬਿਆਨ ਲਈ ਉਨ੍ਹਾਂ ਨੂੰ ਕਰੜੇ ਹੱਥੀ ਲੈਂਦਿਆਂ ਆਖਿਆ ਹੈ ਕਿ ਕੱਟਰ ਇਮਾਨਦਾਰ ਸਰਕਾਰ ਭ੍ਰਿਸ਼ਟਾਚਾਰ ਦੀ ਪੁਸਤਪਨਾਹੀ ਕਰ ਰਹੀ ਹੈ।
ਇੱਥੋਂ ਜਾਰੀ ਬਿਆਨ ਵਿਚ ਭਾਜਪਾ ਪ੍ਰਧਾਨ ਨੇ ਕਿਹਾ ਕਿ ਈਡੀ ਦੀਆਂ ਰੇਡਾਂ ਦਾ ਮਸਲਾ ਸਿਰਫ ਅਮਨ ਅਰੋੜਾ ਜਾਂ ਸੰਜੀਵ ਅਰੋੜਾ ਦਾ ਨਹੀਂ ਹੈ। ਇਹ ਮਸਲਾ ਅਸਲ ਵਿਚ ਭ੍ਰਿਸ਼ਟ ਤਰੀਕਿਆਂ ਨਾਲ ਸੀਐਲਯੂ ਤਿਆਰ ਕਰਕੇ ਕਿਸਾਨਾਂ ਦੀ ਜਮੀਨ ਹੜ੍ਹਪਨ ਦਾ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਵਾਲੇ ਕੇਸ ਵਿਚ ਅਮਨ ਅਰੋੜਾ ਦੇ ਨੇੜਲਿਆਂ ਵੱਲੋਂ ਸਨਟੇਕ ਸਿਟੀ ਮੋਹਾਲੀ ਵਿਚ 30 ਏਕੜ ਦੇ 170 ਕਰੋੜ ਰੁਪਏ ਅਤੇ ਲੁਧਿਆਣਾ ਵਿਚ ਸੰਜੀਵ ਅਰੋੜਾ ਦੀ ਫਰਮ ਹੈੰਪਟਨ ਸਕਾਈ ਰਿਅਲਟੀ ਲੁਧਿਆਣਾ ਵੱਲੋਂ ਲਗਭਗ ਕਰੋੜਾ ਰੁਪਏ ਦੀ 40 ਏਕੜ ਜਮੀਨ ਦੇ ਫਰਜੀ ਤਰੀਕੇ ਨਾਲ ਬਣਾਏ ਸੀਐਲਯੂ ਰਾਹੀਂ ਘਾਲਾਮਾਲਾ ਕੀਤਾ ਗਿਆ ਹੈ।
ਜਿਸ ਸੰਜੀਵ ਅਰੋੜਾ ਨੂੰ ਬੁਖਲਾਏ ਹੋਏ ਮੁੱਖ ਮੰਤਰੀ ਵਿਚਾਰਾ ਦੱਸ ਰਹੇ ਹਨ ਉਨ੍ਹਾਂ ਦੇ ਇੰਡਸਟਰੀ ਲਈ ਮਿਲੀ ਜਮੀਨ ਨੂੰ ਫਰਜੀ ਤਰੀਕੇ ਨਾਲ ਕਲੌਨੀਆਂ ਕੱਟਣ ਲਈ ਵਰਤੀ ਹੈ ਜਦ ਕਿ ਇਹ ਜਮੀਨ ਵਾਪਿਸ ਕਿਸਾਨਾਂ ਨੂੰ ਮਿਲਣੀ ਚਾਹੀਦੀ ਸੀ। ਇਹ ਜਮੀਨ ਉਨ੍ਹਾਂ ਨੂੰ ਉਦਯੋਗ ਲਗਾਉਣ ਲਈ ਸਰਕਾਰ ਨੇ ਸਸਤੇ ਭਾਅ ਲੈਕੇ ਦਿੱਤੀ ਸੀ ਅਤੇ ਕਿਸਾਨਾਂ ਨੂੰ ਬਹੁਤ ਘੱਟ ਕੀਮਤ ਦਿੱਤੀ ਗਈ ਸੀ ਅਤੇ ਇੱਥੇ ਜੇਕਰ ਉਦਯੋਗ ਨਹੀਂ ਲੱਗਿਆ ਤਾਂ ਇਹ ਕਰੋੜਾਂ ਰੁਪਏ ਦੀ ਜਮੀਨ ਕਿਸਾਨਾਂ ਨੂੰ ਵਾਪਿਸ ਮਿਲਣੀ ਚਾਹੀਦੀ ਸੀ, ਪਰ ਇਸ ਸਰਕਾਰ ਦੇ ਮੰਤਰੀ ਵੱਲੋਂ ਇਸ ਜਮੀਨ ਵਿਚ ਕਲੌਨੀ ਕੱਟ ਕੇ ਕੌੜੀਆਂ ਦੇ ਭਾਅ ਮਿਲੀ ਜਮੀਨ ਤੋਂ ਕਰੋੜਾਂ ਰੁਪਏ ਬਣਾਏ ਗਏ ਹਨ।
ਭਾਜਪਾ ਪ੍ਰਧਾਨ ਨੇ ਅੱਗੇ ਕਿਹਾ ਕਿ ਚਾਹੇ ਜਵਾਨੀ ਹੋਵੇ ਤੇ ਚਾਹੇ ਸੂਬੇ ਦਾ ਮੁੱਖੀ, ਜੇਕਰ ਉਸਦੇ ਪੈਰ ਨਸ਼ੇ ਨਾਲ ਡਗਮਗਾ ਰਹੇ ਹੋਣ ਤਾਂ ਉਹ ਘਰ ਨੂੰ ਲੱਗੀ ਸਿਉਂਕ ਨਹੀਂ ਰੋਕ ਸਕਦਾ। ਜੇਕਰ ਮੁੱਖ ਮੰਤਰੀ ਕੱਟਰ ਇਮਾਨਦਾਰ ਸਨ ਤਾਂ ਖੁਦ ਇਸ ਕਰੋੜਾਂ ਦੇ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਕਰ ਸਕਦੇ ਸਨ, ਪਰ ਉਹ ਤਾਂ ਪੁਸਤਪਨਾਹੀ ਕਰਦੇ ਰਹੇ। ਤੇ ਹੁਣ ਜਦ ਈਡੀ ਆਈ ਤਾਂ ਵਿਚਾਰੇ ਬਣ ਰਹੇ ਹਨ। ਪਰ ਯਾਦ ਰੱਖੋ ਸਭ ਦਾ ਵਿਕਾਸ, ਸਭ ਦਾ ਸਾਥ ਤੋਂ ਬਾਅਦ ਸਭ ਦਾ ਹਿਸਾਬ ਹੋਣ ਦੀ ਜਦ ਵਾਰੀ ਆਵੇਗੀ ਤਾਂ ਹਿਸਾਬ ਦਿੱਲੀ ਤੋਂ ਆਕੇ ਬੈਠੇ ਉਨ੍ਹਾਂ ਸੁਪਰ ਮੰਤਰੀਆਂ ਦਾ ਵੀ ਹੋਵੇਗਾ ਜਿਹੜੇ ਇਸ ਸੀਐਲਯੂ ਵਾਲੇ ਮਹਿਕਮੇ ਨੂੰ ਅਸਲ ਵਿਚ ਚਲਾ ਰਹੇ ਹਨ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਆਪਣੇ ਆਪ ਨੂੰ ਬਿਚਾਰਾ ਸਾਬਤ ਕਰਕੇ ਆਪਣੇ ਲੋਕਾਂ ਦੇ ਗੁਨਾਹਾਂ ਤੇ ਪੜਦੇ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਭ੍ਰਿਸ਼ਟਾਚਾਰ ਨੂੰ ਮੁੱਖ ਮੰਤਰੀ ਕੈਂਸਰ ਆਖਦੇ ਸਨ, ਹੁਣ ਉਸ ਭ੍ਰਿਸ਼ਟਾਚਾਰ ਰੂਪੀ ਕੈਂਸਰ ਦੀ ਪੁਸਤਪਨਾਹੀ ਕਿਉਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਭਲੀ ਭਾਂਤ ਜਾਣ ਗਏ ਹਨ ਕਿ ਪੰਜਾਬ ਦੀ ਕਿਸ ਕਦਰ ਆਪ ਸਰਕਾਰ ਦੇ ਰਾਜ ਵਿਚ ਲੁੱਟ ਹੋ ਰਹੀ ਹੈ। ਪੰਜਾਬ ਹਿਸਾਬ ਚਾਹੁੰਦਾ ਹੈ ਅਤੇ ਇਹ ਹਿਸਾਬ ਹੋ ਕੇ ਰਹੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH