
ਚੰਡੀਗੜ੍ਹ, 09 ਮਈ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਦੇ ਮੁਕਾਬਲੇ ਅਧਿਕਤਮ ਤਾਪਮਾਨ ਵਿੱਚ 0.8 ਡਿਗਰੀ ਦਾ ਇਜ਼ਾਫਾ ਹੋਇਆ ਹੈ। ਹਾਲਾਂਕਿ, ਤਾਪਮਾਨ ਅਜੇ ਵੀ ਆਮ ਤੋਂ ਲਗਭਗ 5 ਡਿਗਰੀ ਘੱਟ ਹੈ, ਜਿਸ ਕਾਰਨ ਹੀਟਵੇਵ ਦੀ ਕੋਈ ਸੰਭਾਵਨਾ ਨਹੀਂ ਬਣੀ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ 9 ਅਤੇ 10 ਮਈ ਨੂੰ ਮੌਸਮ ਸੁੱਕਾ ਅਤੇ ਸਾਫ ਰਹੇਗਾ। ਇਸ ਤੋਂ ਬਾਅਦ 11 ਮਈ ਤੋਂ 14 ਮਈ ਤੱਕ ਸੂਬੇ ਵਿੱਚ ਹਨ੍ਹੇਰੀ ਅਤੇ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਅਤੇ ਗਰਜ-ਚਮਕ ਦੇ ਨਾਲ ਬਾਰਿਸ਼ ਹੋ ਸਕਦੀ ਹੈ।
ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਿੱਥੇ ਪਾਰਾ 38.1 ਡਿਗਰੀ ਤੱਕ ਪਹੁੰਚ ਗਿਆ। ਹੋਰ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਹੇਠਾਂ ਹੀ ਰਿਹਾ। ਪਠਾਨਕੋਟ ਵਿੱਚ 35.8 ਡਿਗਰੀ, ਫਰੀਦਕੋਟ 36.0 ਡਿਗਰੀ, ਫਾਜ਼ਿਲਕਾ 36.3 ਡਿਗਰੀ ਅਤੇ ਫਿਰੋਜ਼ਪੁਰ 35.4 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 33.0 ਡਿਗਰੀ, ਅੰਮ੍ਰਿਤਸਰ 33.6, ਲੁਧਿਆਣਾ 33.5, ਪਟਿਆਲਾ 33.6, ਗੁਰਦਾਸਪੁਰ 34.0, ਐਸਬੀਐਸ ਨਗਰ 33.2, ਹੁਸ਼ਿਆਰਪੁਰ 32.5, ਮੋਹਾਲੀ 32.5, ਰੂਪਨਗਰ 32.6 ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 34.3 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ।
ਮੌਸਮ ਵਿਭਾਗ ਦੇ ਮੁਤਾਬਕ ਪਾਕਿਸਤਾਨ ਦੇ ਮੱਧੀ ਹਿੱਸਿਆਂ ਅਤੇ ਨਾਲ ਲੱਗਦੇ ਪੰਜਾਬ ਤੇ ਰਾਜਸਥਾਨ ਉੱਤੇ ਬਣਿਆ ਚਕਰਵਾਤੀ ਪ੍ਰਣਾਲੀ ਹਾਲੇ ਵੀ ਸਰਗਰਮ ਹੈ। ਇਸ ਦੇ ਨਾਲ ਹਰਿਆਣਾ ਤੋਂ ਲੈ ਕੇ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਰਾਹੀਂ ਬੰਗਲਾਦੇਸ਼ ਤੱਕ ਲੰਮੀ ਟਰਫ ਲਾਈਨ ਬਣੀ ਹੋਈ ਹੈ, ਜਿਸ ਕਾਰਨ ਉੱਤਰੀ ਭਾਰਤ ਦੇ ਮੌਸਮ ਵਿੱਚ ਬਦਲਾਅ ਆ ਰਿਹਾ ਹੈ। ਇਸ ਤੋਂ ਇਲਾਵਾ 10 ਮਈ ਤੋਂ ਪੱਛਮੀ ਹਿਮਾਲਿਆਈ ਖੇਤਰਾਂ ਵਿੱਚ ਨਵਾਂ ਪੱਛਮੀ ਵਿਘਨ ਸਰਗਰਮ ਹੋ ਸਕਦਾ ਹੈ, ਜਿਸਦਾ ਅਸਰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਵੇਖਣ ਨੂੰ ਮਿਲੇਗਾ।
ਮੌਸਮ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ ਅਗਲੇ 48 ਘੰਟਿਆਂ ਵਿੱਚ ਤਾਪਮਾਨ ਵਿੱਚ ਕਰੀਬ 2 ਡਿਗਰੀ ਦਾ ਵਾਧਾ ਹੋ ਸਕਦਾ ਹੈ, ਪਰ ਇਸ ਤੋਂ ਬਾਅਦ 3 ਤੋਂ 4 ਡਿਗਰੀ ਤੱਕ ਕਮੀ ਆਉਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH