
ਚੰਡੀਗੜ੍ਹ, 09 ਮਈ (ਹਿੰ.ਸ.)| ਕੈਨੇਡਾ ਵਿੱਚ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਵੱਲੋਂ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਮਾਮਲੇ ਵਿੱਚ ਬ੍ਰੈਂਪਟਨ ਵਿੱਚ ਰਹਿੰਦੇ ਨੌਜਵਾਨ ‘ਤੇ ਮਹਿਲਾ ਦਾ ਯੌਨ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਦੇ ਦੋਸ਼ ਲੱਗੇ ਹਨ, ਜਦਕਿ ਦੂਜੇ ਮਾਮਲੇ ਵਿੱਚ ਨੌਜਵਾਨ ‘ਤੇ ਜਬਰਦਸਤੀ ਵਸੂਲੀ ਅਤੇ ਘਰ ‘ਤੇ ਫਾਇਰਿੰਗ ਕਰਨ ਦੇ ਦੋਸ਼ ਹਨ।
ਜਾਣਕਾਰੀ ਮੁਤਾਬਕ ਪੀਲ ਰੀਜਨਲ ਪੁਲਿਸ ਨੇ ਬ੍ਰੈਂਪਟਨ ਵਿੱਚ ਰਹਿੰਦੇ 23 ਸਾਲਾ ਕਬੀਰ ਜਾਂਗੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਦੋਸ਼ ਹੈ ਕਿ ਉਸਨੇ ਇਕ ਮਹਿਲਾ ਨੂੰ ਝਾਂਸਾ ਦੇ ਕੇ ਉਸਨੂੰ ਜਬਰਦਸਤੀ ਦੇਹ ਵਪਾਰ ਵਿੱਚ ਧੱਕਿਆ ਅਤੇ ਉਸ ਤੋਂ ਗੈਰਕਾਨੂੰਨੀ ਕਮਾਈ ਕੀਤੀ।
ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਸਰੇ ਪੁਲਿਸ ਸਰਵਿਸ ਨੇ 27 ਸਾਲਾ ਨੌਜਵਾਨ ਜਸਕਰਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਜਬਰਦਸਤੀ ਵਸੂਲੀ ਕਰਨ ਅਤੇ ਇਕ ਘਰ ‘ਤੇ ਗੋਲੀਆਂ ਚਲਾਉਣ ਦੇ ਦੋਸ਼ ਹਨ। ਪੁਲਿਸ ਲੰਬੇ ਸਮੇਂ ਤੋਂ ਉਸਦੀ ਤਲਾਸ਼ ਕਰ ਰਹੀ ਸੀ ਅਤੇ ਉਸਦੀ ਗ੍ਰਿਫ਼ਤਾਰੀ ਲਈ ਇਨਾਮ ਦੀ ਘੋਸ਼ਣਾ ਵੀ ਕੀਤੀ ਗਈ ਸੀ। ਦੋਵੇਂ ਮਾਮਲਿਆਂ ਵਿੱਚ ਪੁਲਿਸ ਵੱਲੋਂ ਅੱਗੇ ਦੀ ਜਾਂਚ ਜਾਰੀ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH